ਸ੍ਰੀ ਹਰਿਗੋਬਿੰਦਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਮੰਗ ਅਨੁਸਾਰ ਇਕ ਮੌਕਾ ਉਸਨੁੰ ਦੇ ਕੇ ਪੰਜ ਸਾਲ ਹੋਰ ਬਰਬਾਦ ਕਰਨ ਦਾ ਜ਼ੋਖ਼ਮ ਨਹੀਂ ਚੁੱਕ ਸਕਦੇ ਅਤੇ ਇਹ ਸਿਰਫ ਵਿਕਾਸ ਪੱਖੀ ਨੀਤੀਆਂ ਲਈ ਸਮੇਂ ਦੀ ਕਸਵੱਟੀ ’ਤੇ ਪਰਖੇ ਅਕਾਲੀ ਦਲ ਤੇ ਬਸਪਾ ਗਠਜੋੜ ’ਤੇ ਹੀ ਵਿਸ਼ਵਾਸ ਕਰਨਗੇ। ਅਕਾਲੀ ਦਲ ਦੇ ਪ੍ਰਧਾਨ ਇਥੇ ਰਾਜਨਬੀਰ ਸਿੰਘ ਘੁਮਾਣ ਦੇ ਹੱਕ ਵਿਚ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਲੋਕਾਂ ਨੁੰ ਆਮ ਆਦਮੀ ਪਾਰਟੀ ਦੀ ਯੋਜਨਾ ਸਮਝਣ ਦੀ ਅਪੀਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤੁਸੀਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੀ ਝੂਠੀ ਸਹੁੰ ’ਤੇ ਵਿਸ਼ਵਾਸ ਕਰ ਕੇ ਬਹੁਤ ਨੁਕਸਾਨ ਕਰਵਾ ਲਿਆ ਹੈ। ਹੁਣ ਇਕ ਬਾਹਰਲਿਆਂ ਦੀ ਪਾਰਟੀ ਇਕ ਮੌਕਾ ਮੰਗ ਕੇ ਤੁਹਾਨੁੰ ਗੁੰਮਰਾਹ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਨੁੰ ਪੁੱਛਦਾ ਹਾਂ ਕਿ ਪੰਜਾਬੀ ਤੁਹਾਡੇ ’ਤੇ ਵਿਸ਼ਵਾਸ ਕਿਉਂ ਕਰਨ। ਇਸਦਾ ਕਨਵੀਨਰ ਪੰਜ ਸਾਲ ਬਾਅਦ ਪੰਜਾਬ ਆਇਆ ਅਤੇ ਇਹਨਾਂ ਦੀ ਪਾਰਟੀ 20 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਬਣੀ। ਪਰ ਇਸਦੇ ਬਾਵਜੁਦ ਲੋਕਾਂ ਲਈ ਆਵਾਜ਼ ਬੁਲੰਦ ਕਰਨ ਦੀ ਥਾਂ ਇਸਦੇ 20 ਵਿਚੋਂ 11 ਵਿਧਾਇਕ ਕਾਂਗਰਸ ਵਿਚ ਸ਼ਾਮਲ ਹੋ ਗਏ।
ਸ. ਬਾਦਲ ਨੇ ਕਿਹਾ ਸ੍ਰੀ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਵਾਂਗੂ ਪੰਜਾਬੀਆਂ ਨੁੰ ਧੋਖਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਹੋਣ ਤੋਂ ਇਕ ਸਾਲ ਪਹਿਲਾਂ ਤੱਕ ਪੰਜਾਬ ਨਹੀਂ ਆਏ। ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦਵਾਈਆਂ ਭੇਜਣ ਦੀ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਵੀ ਪੰਜਾਬ ਦਾ ਦੌਰਾ ਨਹੀਂ ਕੀਤਾ। ਫਿਰ ਤੁਸੀਂ ਕਿਵੇਂ ਉਸ ’ਤੇ ਵਿਸ਼ਵਾਸ ਕਰੋਗੇ ਕਿ ਉਹ ਮੌਕਾ ਮਿਲਣ ਤੋਂ ਬਾਅਦ ਅਤੇ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਤੁਹਾਡੇ ਨਾਲ ਖੜ੍ਹੇਗਾ ?
ਪੰਜਾਬੀਆਂ ਨੁੰ ਬਾਹਰਲਿਆਂ ਨੁੰ ਠੁਕਰਾਉਣ ਦੀ ਅਪੀਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿਰਫ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਲੋਕਾਂ ਦੀਆਂ ਖੇਤਰੀ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਵਿਚ ਅਤੇ ਵਿਦੇਸ਼ਾਂ ਵਿਚ ਪੰਜਾਬੀ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਅਕਾਲੀ ਦਲ ਵੱਲ ਹੀ ਵੇਖਦੇ ਹਨ। ਉਹਨਾਂ ਕਿਹਾ ਕਿ ਅਸੀਂ ਦੁਨੀਆਂ ਭਰ ਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਸਫਲਤਾ ਨਾਲ ਹੱਲ ਕੀਤੀਆਂ ਹਨ।
ਸ. ਬਾਦਲ ਨੇ ਕਿਹਾ ਕਿ ਪਿਛਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਦਾ ਵੀ ਰਿਕਾਰਡ ਸਮੇਂ ਦੀ ਵਸਵੱਟੀ ’ਤੇ ਪਰਖਿਆ ਹੋਇਆ ਹੈ। ਅਸੀਂ ਪੰਜਾਬ ਨੁੰ ਬਿਜਲੀ ਸਰਪਲੱਸ ਬਣਾਇਆ। ਅਸੀਂ ਪੰਜਾਬ ਵਿਚ ਵਿਸ਼ਪ ਪੱਧਰੀ ਸੜਕਾਂ ਬਣਾਈਆਂ ਤੇ ਪੰਜਾਬ ਲਈ ਹਵਾਈ ਸੰਪਰਕ ਲਿਆਂਦਾ। ਅਸੀਂ ਕਿਸਾਨਾਂ ਲਈ ਮੁਫਤ ਬਿਜਲੀ ਦੀ ਸ਼ੁਰੂਆਤ ਕੀਤੀ ਹਾਲਾਂਕਿ ਦੇਸ਼ ਭਰ ਵਿਚ ਕਿਤੇ ਵੀ ਕਿਸਾਨਾਂ ਨੁੰ ਮੁਫਤ ਬਿਜਲੀ ਨਹੀਂ ਮਿਲ ਰਹੀ। ਅਸੀਂ ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਲਿਆਂਦੀਆਂ ਜਿਸ ਨਾਲ ਸਮਾਜ ਦੇ ਕਮਜ਼ੋਰ ਵਰਗ ਆਪਣੇ ਪੈਰਾਂ ਸਿਰ ਖੜ੍ਹੇ ਹੋਏ।
ਪੰਜਾਬ ਲਈ ਅਕਾਲੀ ਦਲ ਤੇ ਬਸਪਾ ਦੇ ਏਜੰਡੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿਹੜੇ ਵੀ ਨੀਲੇ ਕਾਰਡ ਕਾਂਗਰਸ ਸਰਕਾਰ ਨੇ ਕੱਟੇ ਹਨ, ਉਹ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਅੰਦਰ ਬਹਾਲ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਸੀਂ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਸਹਾਇਤਾ ਦੇਵਾਂਗੇ, ਸਾਰੇ ਖਪਤਕਾਰਾਂ ਨੁੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਦਿਆਂਗੇ, ਹਰੇਕ ਲਈ 10 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਵਾਇਆ ਜਾਵੇਗਾ ਤੇ ਵਿਦਿਆਰਥੀਆਂ ਨੁੰ ਦੇਸ਼ ਵਿਦੇਸ਼ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਵਾਸਤੇ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ, ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ 33 ਫੀਸਦੀ ਸੀਟਾਂ ਰਾਖਵੀਂਆਂ ਕੀਤੀਆਂ ਜਾਣਗੀਆਂ। ਉਹਨਾਂ ਨੇ ਇਹ ਵੀ ਐਲਾਨ ਕੀਤਾ ਜਿਹਨਾਂ ਕੋਲ ਘਰ ਨਹੀਂ ਹਨ, ਉਹਨਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ ਤੇ ਹਰ ਜ਼ਿਲ੍ਹੇ ਵਿਚ 500 ਬੈਡਾਂ ਦਾ ਮੈਡੀਕਲ ਕਾਲਜ ਤੇ ਹਸਪਤਾਲ ਬਣਾਇਆ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਲਾਅ ਤੇ ਹੋਟਲ ਮੈਨੇਜਮੈਂਟ ਦੇ ਵਿਦਿਅਕ ਅਦਾਰੇ ਸ੍ਰੀ ਹਰਿਗੋਬਿੰਦਪੁਰ ਵਿਖੇ ਖੋਲ੍ਹੇ ਜਾਣਗੇ।