ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਧਾਰਮਿਕ ਮਸਲੇ ਸਮਾਜ ਨੂੰ ਤੋੜਣ ਦਾ ਕੰਮ ਕਰਦੇ ਹਨ ਪਰ ਅਸੀਂ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਕੈਪਟਨ ਅੱਜ ਇੱਥੇ ਸਨੌਰ ਵਿੱਚ ਪੀਐਲਸੀ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਬਿਕਰਮ ਸਿੰਘ ਚਹਿਲ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਸਮੇਤ ਹੋਰ ਲੀਡਰਸ਼ਿਪ ਮੌਜੂਦ ਰਹੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਬੇਅਦਬੀਆਂ ਹੋਈਆਂ ਪਰ ਉਨ੍ਹਾਂ ਨੇ ਕਾਰਵਾਈ ਕਰਨ ਦੀ ਬਜਾਏ ਕੇਸ ਦਿੱਲੀ ਭੇਜ ਦਿੱਤੇ। ਕੈਪਟਨ ਨੇ ਕਿਹਾ ਕਿ ਸਾਡੀ ਸਰਕਾਰ ਆਈ ਤਾਂ ਕੇਸ ਮੁੜ ਪੰਜਾਬ ਲਿਆਂਦੇ ਤੇ ਕਾਰਵਾਈ ਵੀ ਕੀਤੀ। ਅੱਜ ਕੇਸ ਅਦਾਲਤਾਂ ਵਿੱਚ ਹਨ।
ਕੈਪਟਨ ਨੇ ਕਿਹਾ ਕਿ ਚੋਣਾਂ ਸੂਬੇ ਨੂੰ ਮਜਬੂਤ ਕਰਨ ਲਈ ਹੁੰਦੀਆਂ ਹਨ। ਇਸ ਲਈ ਸਮਾਜ ਤੋੜਣ ਵਾਲ ਮਸਲਿਆਂ ਵਿੱਚ ਉਲਝਣ ਦੀ ਬਜਾਏ ਸੂਬੇ ਤੇ ਹਲਕੇ ਦੇ ਵਿਕਾਸ ਲਈ ਵੋਟ ਪਾਉਣੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਗੱਲ ਦੁਹਰਾਈ ਕਿ ਕੋਈ ਵੀ ਸੂਬਾ ਕੇੰਦਰ ਤੋਂ ਬਿਨਾਂ ਨਹੀਂ ਚੱਲ ਸਕਦਾ। ਆਰਥਿਕਤਾ ਦੀ ਮਜਬੂਤੀ ਲਈ ਕੇੰਦਰ ਦਾ ਸਹਿਯੋਗ ਜਰੂਰੀ ਹੈ।ਪੰਜਾਬ ਦੇ ਆਰਥਿਕ ਹਾਲਾਤ ਚੰਗੇ ਨਹੀਂ ਤੇ ਕੇੰਦਰ ਸਰਕਾਰ ਦੇ ਸਹਿਯੋਗ ਨਾਲ ਹੀ ਸੁਧਾਰ ਕੀਤਾ ਜਾ ਸਕਦਾ ਹੈ। ਪੀਐਲਸੀ ਭਾਜਪਾ ਨਾਲ ਮਿਲ ਕੇ ਪੰਜਾਬ ਦੀ ਨੁਹਾਰ ਬਦਲੇਗੀ। ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਉਮੀਦਵਾਰ ਬਿਕਰਮ ਚਹਿਲ ਦਾ ਭਾਸ਼ਣ ਸੁਣ ਕੇ ਪ੍ਰਭਾਵਿਤ ਹੋਏ ਅਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ।