ਜਲੰਧਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਐਚ.ਐਸ ਹੰਸਪਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਆਮ ਆਦਮੀ ਪਾਰਟੀ ਇੱਕੋ ਇੱਕ ਵਿਕਲਪ ਹੈ, ਇਸ ਲਈ ਪੰਜਾਬ ਵਾਸੀ ਵੋਟਾਂ ਪਾ ਕੇ ‘ਆਪ’ ਦੀ ਸਰਕਾਰ ਬਣਾਉਣ। ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਮਾਨਦਾਰੀ ਨਾਲ ਕੰਮ ਕਰਕੇ ਦਿੱਲੀ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਹਨ ਅਤੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਵੀ ਆਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ।
ਵੀਰਵਾਰ ਨੂੰ ਇੱਥੇ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਚ.ਐਸ.ਹੰਸਪਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਵਾਲੀ ਕਾਂਗਰਸ ਪਾਰਟੀ ਨਹੀਂ ਰਹੀ, ਇਸ ਲਈ ਉਨਾਂ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਉਨਾਂ ਕਿਹਾ ਕਿ ਬੀਤੇ ਪੰਜ ਸਾਲ ਕਾਂਗਰਸ ਪਾਰਟੀ ਨੇ ਪੰਜਾਬ ‘ਤੇ ਰਾਜ ਕੀਤਾ ਹੈ ਅਤੇ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਰਹੇ ਹਨ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਹੰਸਪਾਲ ਨੇ ਸਵਾਲ ਕੀਤਾ ਕਿ ਲੋਕਾਂ ਵੱਲੋਂ ਟੈਕਸ ਅਤੇ ਹੋਰ ਤਰੀਕਿਆਂ ਨਾਲ ਸਰਕਾਰ ਨੂੰ ਦਿੱਤਾ ਜਾਂਦਾ ਪੈਸਾ ਗਿਆ ਕਿੱਥੇ ਹੈ? ਕੀ ਇਹ ਪੈਸਾ ਮਾਫੀਆ ਵੱਲੋਂ ਲੁਟਿਆ ਗਿਆ ਹੈ ਅਤੇ ਕੁੱਝ ਕੁ ਲੋਕਾਂ ਦੀਆਂ ਜੇਬਾਂ ਵਿੱਚ ਗਿਆ ਹੈ? ਇਹ ਆਮ ਲੋਕਾਂ ਦਾ ਪੈਸਾ ਹੈ ਅਤੇ ਸਰਕਾਰੀ ਖਜ਼ਾਨੇ ਵਿੱਚ ਜਾਣਾ ਚਾਹੀਦਾ ਹੈ।
ਐਚ.ਐਸ. ਹੰਸਪਾਲ ਨੇ ਕਿਹਾ ਕਿ ਪੰਜਾਬ ਇਸ ਸਮੇਂ ਗੰਭੀਰ ਸੰਕਟ ਵਿੱਚ ਹੈ, ਕਿਉਂਕਿ ਨੌਜਵਾਨ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਹਨ। ਬੱਚੇ ਵਿਦੇਸ਼ਾਂ ਨੂੰ ਕਿਉਂ ਜਾ ਰਹੇ ਹਨ? ਉਨਾਂ ਕਿਹਾ ਕਿ ਪੰਜਾਬ ਵਿੱਚ ਬੱਚਿਆਂ ਲਈ ਚੰਗੀ ਸਿੱਖਿਆ ਅਤੇ ਰੋਜ਼ਗਾਰ ਨਹੀਂ ਹੈ। ਬੱਚਿਆਂ ਲਈ ਚੰਗੀ ਸਿੱੱਖਿਆ ਅਤੇ ਰੁਜਗਾਰ ਪੰਜਾਬ ਵਿੱਚ ਵੀ ਹੋਣਾ ਚਾਹੀਦਾ ਹੈ, ਜੋ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਦੇ ਸਕਦੀ ਹੈ।
ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰੀਫ਼ ਕਰਦਿਆਂ ਹੰਸਪਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਦਾ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਾਂਦਾ ਹੈ ਅਤੇ ਇਸ ਪੈਸੇ ਨਾਲ ਕੇਜਰੀਵਾਲ ਨੇ ਦਿੱਲੀ ਦੇ ਆਮ ਲੋਕਾਂ ਨੂੰ ਬਹੁਤ ਚੰਗੀਆਂ ਸਹੂਲਤਾਂ ਦਿੱਤੀਆਂ ਹਨ। ਦਿੱਲੀ ਦੇ ਸਕੂਲ ਵਿੱਚ ਪੜਾਈ ਚੰਗੀ ਕੀਤੀ ਹੈ, ਲੋਕਾਂ ਦੇ ਇਲਾਜ ਲਈ ਮੁਹੱਲਾ ਕਲੀਲਿਕ ਖੋਲੇ ਹਨ ਅਤੇ ਪੀਣ ਵਾਲਾ ਪਾਣੀ ਮੁਫ਼ਤ ਦੇਣ ਦੇ ਨਾਲ- ਨਾਲ ਬਿਜਲੀ ਵੀ ਸਸਤੀ ਕੀਤੀ ਹੈ।
ਹੰਸਪਾਲ ਨੇ ਕਿਹਾ ਕਿ ‘ਆਪ’ ਦੇ ਮੁੱਖ ਮੰਤਰੀ ਦੇ ਉਮਦੀਵਾਰ ਭਗਵੰਤ ਮਾਨ ਇਮਾਨਦਾਰ ਅਤੇ ਪੰਜਾਬ ਪ੍ਰਤੀ ਸੋਚ ਰੱਖਣ ਵਾਲੇ ਆਗੂ ਹਨ। ਸੰਸਦ ਮੈਂਬਰ ਹੁੰਦਿਆਂ ਉਨਾਂ ਕਈ ਵਾਰ ਭਗਵੰਤ ਮਾਨ ਨਾਲ ਵਿਚਾਰ ਸਾਂਝੇ ਕੀਤੇ ਸਨ, ਜਿਸ ਤੋਂ ਪਤਾ ਲੱਗਿਆ ਕਿ ਭਗਵੰਤ ਮਾਨ ਕੇਵਲ ਪੰਜਾਬ ਦੀ ਤਰੱਕੀ ਚਾਹੁੰਦਾ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਐਚ.ਐਸ. ਹੰਸਪਾਲ ਨੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਉਹ ਆਮ ਆਦਮੀ ਪਾਰਟੀ ਵਿੱਚ ਆਏ ਹਨ ਕਿਉਂਕਿ ਕੇਜਰੀਵਾਲ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਅਤੇ ਪੰਜਾਬ ਨੂੰ ਵੀ ਇਮਾਨਦਾਰ ਸਰਕਾਰ ਦੀ ਲੋੜ ਹੈ।