ਮਾਨਸਾ: ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸ਼ੂਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਕਾਂਗਰਸੀ ਆਗੂਆਂ ਨਾਲ ਹਲਕੇ ਦੇ ਕਸਬਾ ਭੀਖੀ , ਪਿੰਡ ਮੱਤੀ, ਸਮਾਓ ਸਮੇਤ ਮਾਨਸਾ ਸ਼ਹਿਰ ’ਚ ਵੱਖ-ਵੱਖ ਥਾਵਾਂ ਉਤੇ ਡੋਰ ਟੂ ਡੋਰ ਜਾ ਕੇ 20 ਫਰਵਰੀ 2022 ਨੂੰ ਕਾਂਗਰਸ ਦੀ ਮੁੜ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਨੇ ਆਪ ਮੁਹਾਰੇ 29 ਥਾਵਾਂ ’ਤੇ ਲੱਡੂਆਂ ਅਤੇ ਫਲਾਂ ਨਾਲ ਤੋਲਿਆ। ਉਨ੍ਹਾਂ ਨੇ ਕਾਂਗਰਸ ਅਤੇ ਸਿੱਧੂ ਮੂਸੇਵਾਲਾ ਦੇ ਹੱਕ ’ਚ ਜਿੱਤ ਦੇ ਨਾਅਰੇ ਵੀ ਲਾਏ। ਇਸ ਮੌਕੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ ਨੇ ਬਹੁਤ ਘੱਟ ਸਮੇ ’ਚ ਪੰਜਾਬ ਦੇ ਲੋਕਾਂ ਵੱਡੇ ਮਸਲੇ ਹੱਲ ਕਰਕੇ ਲੋਕਾਂ ਦਾ ਮਨ ਜਿੱਤਿਆ ਹੈ।
ਇਸ ਕਾਰਨ ਪੰਜਾਬ ਦੇ ਲੋਕ ਮੁੜ ਕਾਂਗਰਸ ਦੀ ਸਰਕਾਰ ਬਨਣ ਜਾ ਰਹੀ ਹੈ। ਉਨ੍ਹਾਂ ਵਿਸਵਾਸ਼ ਦਿੱਤਾ ਕਿ ਹਲਕੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ, ਉਹ ਸਮੇਂ ਸਿਰ ਪੂਰੇ ਕੀਤੇ ਜਾਣਗੇ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਕੋਈ ਵਜ਼ੂਦ ਨਹੀਂ। ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਸੂਬੇ ਦੇ ਲੋਕ ਭਰਮ ਭੁਲੇਖੇ ਦੂਰ ਕਰਨ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਆਪ ਕਨਵੀਨਰ ਕੇਜਰੀਵਾਲ ਦੀਆਂ ਝੂਠੀਆਂ ਗਰੰਟੀਆਂ ਤੋਂ ਸੁਚੇਤ ਰਹਿ ਕੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਜਾਵੇ। ਜਿਸ ਨਾਲ ਪੰਜਾਬ ਅੰਦਰ ਮੁੜ ਚੰਨੀ ਸਰਕਾਰ ਬਣਨ ’ਤੇ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋਵੇਗੀ। ਇਸ ਮੌਕੇ ਮਾਨਸਾ ਸ਼ਹਿਰ ਅਤੇ ਪਿੰਡਾਂ ’ਚ ਲੋਕਾਂ ਨੇ ਕਾਂਗਰਸ ਅਤੇ ਸਿੱਧੂ ਮੂਸੇਵਾਲਾ ਦੀ ਜਿੱਤ ਦੇ ਨਾਅਰੇ ਵੀ ਲਾਏ।
ਇਸ ਮੌਕੇ ਪੰਜਾਬ ਕਾਂਗਰਸ ਦੀ ਸਕੱਤਰ ਗੁਰਪ੍ਰੀਤ ਕੌਰ ਗਾਗੋਵਾਲ, ਕਾਂਗਰਸ ਦੇ ਜ਼ਿਲਾ ਪ੍ਰਧਾਨ ਅਰਸ਼ਦੀਪ ਗਾਗੋਵਾਲ, ਕਾਂਗਰਸੀ ਆਗੂ ਬੀਰਇੰਦਰ ਧਾਲੀਵਾਲ, ਕੇਸਰ ਸਿੰਘ ਧਲੇਵਾਂ , ਬਲਵੰਤ ਸਿੰਘ ਧਲੇਵਾ, ਅੱਪੀ ਝੱਬਰ, ਸੁਖਦਰਸ਼ਨ ਖਾਰਾ, ਲਾਜਪਤ ਸ਼ਰਮਾਂ, ਸੰਦੀਪ ਮਹਿਤਾ ਆਦਿ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।