ਨਥਾਣਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ 2017 ਦੀਆਂ ਚੋਣਾਂ ਵਿਚ ਅਕਾਲੀ ਦਲ ਨੁੰ ਬਦਨਾਮ ਕਰਨ ਵਾਸਤੇ ਰਲ ਕੇ ਸਾਜ਼ਿਸ਼ ਰਚੀ ਸੀ ਜੋ ਹੁਣ ਬੇਨਕਾਬ ਹੋ ਗਈ ਹੈ।
ਇਥੇ ਭੁੱਚੋ ਮੰਡੀ ਤੋਂ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦੇ ਹੱਕ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਐਮਪੀ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਉਦੋਂ ਮਹਿਸੂਸ ਕਰ ਲਿਆ ਸੀ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਬਰਾਬਰ ਸਹੂਲਤਾਂ ਨਹੀਂ ਦੇ ਸਕਣਗੀਆਂ। ਫਿਰ ਇਹਨਾਂ ਨੇ ਅਕਾਲੀ ਦਲ ਨੁੰ ਬਦਨਾਮ ਕਰਨ ਲਈ ਹੱਥ ਮਿਲਾ ਲਏ ਤੇ ਅਜਿਹੀ ਦਵੈਸ਼ ਭਾਵਨਾ ਵਾਲੀ ਮੁਹਿੰਮ ਅਕਾਲੀ ਦਲ ਖਿਲਾਫ ਛੇੜੀ ਜਿਸ ਨਾਲ ਲੋਕ ਅਕਾਲੀ ਦਲ ਨੁੰ ਨਫਰਤ ਕਰਨ ਲੱਗ ਜਾਣ।
ਉਹਨਾਂ ਕਿਹਾ ਕਿ ਦੋਹਾਂ ਪਾਰਟੀਆਂ ਲੋਕਾਂ ਨੁੰ ਗੁੰਮਰਾਹ ਕਰਨ ਵਿਚ ਸਫਲ ਰਹੀਆਂ ਤੇ ਨਤੀਜੇ ਵਜੋਂ ਕਾਂਗਰਸ ਦੇ ਹੱਥ ਸੱਤਾ ਆ ਗਈ ਤੇ ਆਮ ਆਦਮੀ ਪਾਰਟੀ ਪ੍ਰਮੁੱਖ ਵਿਰੋਧੀ ਪਾਰਟੀ ਬਣ ਗਈ। ਸਰਦਾਰਨੀ ਬਾਦਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਨ ਵਿਚ ਨਾਕਾਮ ਰਹੀ ਤੇ ਅਰਵਿੰਦ ਕੇਜਰੀਵਾਲ ਨੇ ਵੀ ਪੰਜ ਸਾਲਾਂ ਵਿਚ ਨਾ ਕਦੇ ਪੰਜਾਬ ਦਾ ਗੇੜਾ ਮਾਰਿਆ ਤੇ ਨਾ ਹੀ ਕਾਂਗਰਸ ਦੀ ਵਾਅਦਾਖਿਲਾਫੀ ਵਿਰੁੱਧ ਆਵਾਜ਼ ਚੁੱਕੀ।
ਉਹਨਾਂ ਕਿਹਾ ਕਿ ਇਸੇ ਤਰੀਕੇ ਭਗਵੰਤ ਮਾਨ ਨੇ ਵੀ ਇਸ ਸਮੇਂ ਦੌਰਾਨ ਆਪਣੀ ਆਵਾਜ਼ ਨਹੀਂ ਚੁੱਕੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਚੰਨੀ ਪੰਜ ਸਾਲ ਤੱਕ ਕੈਬਨਿਟ ਮੰਤਰੀ ਰਹੇ ਪਰ ਉਹਨਾਂ ਨੇ ਕਦੇ ਵੀ ਅਨੁਸੂਚਿਤ ਜਾਤੀਆਂ ਜਾਂ ਕਮਜ਼ੋਰ ਵਰਗਾਂ ਦੇ ਮਾਮਲੇ ਵਿਚ ਇਕ ਵਾਰ ਵੀ ਆਵਾਜ਼ ਨਹੀਂ ਚੁੱਕੀ। ਉਹਨਾਂ ਕਿਹਾ ਕਿ ਜਦੋਂ 4.5 ਲੱਖ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰ ਦਿੱਤਾ ਗਿਆ ਤੇ ਕਾਂਗਰਸ ਸਰਕਾਰ ਨੇ ਐਸਸੀ ਸਕਾਲਰਸ਼ਿਪ ਬੰਦ ਕਰ ਦਿੱਤੀ, ਉਦੋਂ ਵੀ ਚੰਨ ਚੁੱਪ ਰਹੇ।
ਉਹਨਾਂ ਕਿਹਾ ਕਿ ਜਦੋਂ ਲੱਖਾਂ ਨੀਲੇ ਕਾਰਡ ਜਿਹਨਾਂ ਦੇ ਨਾਲ ਗਰੀਬ ਵਰਗ ਨੂੰ ਸਸਤਾ ਰਾਸ਼ਨ ਮਿਲਦਾ ਹੈ, ਕੱਟੇ ਗਏ ਤਾਂ ਉਦੋਂ ਵੀ ਚੰਨੀ ਨੇ ਕੁਝ ਨਹੀਂ ਕਿਹਾ। ਉਹਨਾਂ ਨੇ ਕਦੇ ਵੀ ਕਿਸੇ ਘੁਟਾਲੇ ਖਿਲਾਫ ਭਾਵੇਂ ਉਹ ਕੇਂਦਰੀ ਰਾਸ਼ਨ ਦਾ ਹੋਵੇ ਜਾਂ ਫਿਰ ਵੈਕਸੀਨ ਘੁਟਾਲਾ, ਕਦੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਸਰਦਾਰਨੀ ਬਾਦਲ ਨੇ ਕਿਹਾ ਕਿ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਸਿਰਫ ਖੁਦ ਅਮੀਰ ਬਣਨ ’ਤੇ ਧਿਆਨ ਦਿੱਤਾ। ਇਹ ਗੱਲ ਖੁਦ ਮੁੱਖ ਮੰਤਰੀ ਦੇ ਭਾਣਜੇ ਹਨੀ ਨੇ ਕਬੂਲੀ ਹੈ ਜਿਸ ਨੇ ਕਿਹਾ ਹੈ ਕਿ ਉਸ ਕੋਲੋਂ ਬਰਾਮਦ ਹੋਏ 11 ਕਰੋੜ ਰੁਪਏ ਅਤੇ ਸੋਨਾ ਰੇਤ ਮਾਫੀਆ ਦੇ ਨਾਲ ਨਾਲ ਤਬਾਦਲਿਆਂ ਤੇ ਤਾਇਨਾਤੀਆਂ ਦਾ ਪੈਸਾ ਹੈ।
ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਤਾਇਨਾਤੀਆਂ ਸਿਰਫ ਮੁੱਖ ਮੰਤਰੀ ਕਰਦਾ ਹੈ। ਉਹਨਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਉਸੇ ਤਰੀਕੇ ਚੰਨੀ ਦੇ ਹੱਥ ਮੂਰਖ ਨਾ ਬਣਨ ਜਿਵੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੀ ਝੂਠੀ ਸਹੁੰ ਕਾਰਨ ਬਣ ਗਏ ਸਨ। ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੁੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਜਿਹੜਾ ਦਿੱਲੀ ਮਾਡਲ ਪੰਜਾਬ ਵਿਚ ਵੇਚਣਾ ਚਾਹੁੰਦਾ ਹੈ, ਉਹ ਸੂਬੇ ਵਿਚ ਤਬਾਹੀ ਲਿਆ ਦੇਵੇਗਾ।