ਯੂਥ ਅਕਾਲੀ ਦਲ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ 180 ਦਿਨਾਂ ਬਾਅਦ ਵੀ ਜਾਂਚ ਵਿੱਚ ਕੋਈ ਤਰੱਕੀ ਨਾ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੁਹਾਲੀ ਵਾਸੀਆਂ ਤੋਂ ਇਨਸਾਫ਼ ਦਿਵਾਉਣ ਲਈ ਸਹਿਯੋਗ ਦੀ ਮੰਗ ਕੀਤੀ ਹੈ।
ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਜੈ ਪਾਲ ਸਿੰਘ ਮਿੱਡੂਖੇੜਾ ਨੇ ਕਿਹਾ, ‘ਵਿੱਕੀ ਦੇ ਕਤਲ ਤੋਂ ਪਤਾ ਚੱਲਦਾ ਹੈ ਕਿ ਮੋਹਾਲੀ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋਈ ਪਈ ਹੈ। ਮੈਨੂੰ ਅਹਿਸਾਸ ਹੋਇਆ ਹੈ ਕਿ ਵਿੱਕੀ ਲਈ ਇਨਸਾਫ਼ ਦੀ ਇਹ ਲੜਾਈ ਮੇਰੀ ਇਕੱਲੇ ਦੀ ਨਹੀਂ ਸਗੋਂ ਇੱਕ ਸਮੂਹਿਕ ਲੜਾਈ ਹੈ ਕਿਉਂਕਿ ਮੋਹਾਲੀ ਦੇ ਸਾਰੇ ਵਾਸੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਮੈਂ ਮੋਹਾਲੀ ਦੇ ਲੋਕਾਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਸਾਡਾ ਸਮਰਥਨ ਕਰਨ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਇਸ ਘਿਨਾਉਣੇ ਕਤਲ ਪਿੱਛੇ ਕੌਣ ਸੀ ?’
ਅਜੈ ਪਾਲ ਸਿੰਘ ਮਿੱਡੂਖੇੜਾ ਨੇ ਅੱਗੇ ਕਿਹਾ, ‘ਹੁਣ ਇਹ ਮੋਹਾਲੀ ਨਿਵਾਸੀਆਂ ਲਈ ਜਾਣਨਾ ਜਰੂਰੀ ਹੈ ਕਿ ਪੁਲਿਸ ਅਹਿਮ ਸੁਰਾਗ ਮਿਲਣ ਦੇ ਬਾਵਜੂਦ ਦਿਨ-ਦਿਹਾੜੇ ਹੋਏ ਕਤਲ ਦੀ ਜਾਂਚ ਕਰਨ ਵਿੱਚ ਅਸਫਲ ਕਿਉਂ ਰਹੀ ?’
ਅਜੈ ਪਾਲ ਸਿੰਘ ਮਿੱਡੂਖੇੜਾ ਨੇ ਅੱਗੇ ਕਿਹਾ, ‘ਮਾਮਲੇ ਵਿੱਚ ਕੋਈ ਪ੍ਰਗਤੀ ਨਹੀਂ ਹੋਈ, ਸਿਰਫ ਸੀਬੀਆਈ ਜਾਂਚ ਹੀ ਮੇਰੇ ਭਰਾ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰੇਗੀ। ਪੰਜਾਬ ਪੁਲਿਸ ਸੀਸੀਟੀਵੀ ਫੁਟੇਜ ਹੋਣ ਦੇ ਬਾਵਜੂਦ ਜਾਂਚ ਨੂੰ ਇਸਦੇ ਤਰਕਪੂਰਨ ਸਿੱਟੇ ਤੱਕ ਪਹੁੰਚਾਉਣ ਵਿੱਚ ਅਸਫਲ ਰਹੀ ਹੈ। ਸਾਡੀ ਸਮਝ ਤੋਂ ਬਾਹਰ ਹੈ ਕਿ ਪੰਜਾਬ ਪੁਲਿਸ ਕਾਰਵਾਈਯੋਗ ਸਬੂਤ ਹੋਣ ਦੇ ਬਾਵਜੂਦ ਕਾਰਵਾਈ ਕਿਉਂ ਨਹੀਂ ਕਰ ਰਹੀ?’
ਮੀਡੀਆ ਕਰਮੀਆਂ ਨੂੰ ਪ੍ਰੈੱਸ ਮਿਲਣੀ ਦੌਰਾਨ ਵਿੱਕੀ ਦੇ ਕਤਲ ਦੀ ਪੂਰੀ ਸੀਸੀਟੀਵੀ ਫੁਟੇਜ ਵੀ ਦਿਖਾਈ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਫੁਟੇਜ ਵਿੱਚ ਗੋਲੀਬਾਰੀ ਕਰਨ ਵਾਲੇ ਸਾਫ਼ ਦਿਖਾਈ ਦੇ ਰਹੇ ਹਨ ਅਤੇ ਇਸ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਅੱਜ ਤੱਕ ਕੁਝ ਨਹੀਂ ਕੀਤਾ। ਵਿੱਕੀ ਮਿੱਡੂਖੇੜਾ ਦੀ 7 ਅਗਸਤ 2021 ਨੂੰ ਮੋਹਾਲੀ ਦੇ ਸੈਕਟਰ 71 ਵਿੱਚ ਹੱਤਿਆ ਕਰ ਦਿੱਤੀ ਗਈ ਸੀ।
ਅਜੈ ਪਾਲ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਪੁਲਿਸ ਮੇਰੇ ਭਰਾ ਜੋ ਕਿ ਇੱਕ ਪ੍ਰਸਿੱਧ ਯੂਥ ਅਕਾਲੀ ਦਲ ਆਗੂ ਸੀ, ਦੇ ਦਿਨ ਦਿਹਾੜੇ ਹੋਏ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਅੱਜ ਤੀਕ ਕਾਮਯਾਬ ਨਹੀਂ ਹੋ ਸਕੀ, ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਤਾਂ ਗੱਲ ਤਾਂ ਦੂਰ ਦੀ ਹੈ ।
ਉਨ੍ਹਾਂ ਅੱਗੇ ਕਿਹਾ, ‘ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਿਨਾਂ ਕਿਸੇ ਦੇਰੀ ਦੇ ਕੇਸ ਸੀਬੀਆਈ ਨੂੰ ਸੌਂਪਣਾ ਚਾਹੀਦਾ ਹੈ।’ ਅਜੈ ਪਾਲ ਸਿੰਘ ਨੇ ਸਾਰੀਆਂ ਪਾਰਟੀਆਂ ਆਪ, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨਾਲ ਹੋ ਰਹੀ ਘੋਰ ਬੇਇਨਸਾਫ਼ੀ ਦਾ ਮੁੱਦਾ ਉਠਾਉਣ ਦਾ ਸੱਦਾ ਦਿੱਤਾ।
ਅਜੈ ਪਾਲ ਸਿੰਘ ਮਿੱਡੂਖੇੜਾ ਨੇ ਕਿਹਾ, ‘ਅਸੀਂ ਪੀੜਤ ਹਾਂ ਅਤੇ ਕੋਈ ਵੀ ਧਿਰ ਵਿੱਕੀ ਨੂੰ ਇਨਸਾਫ਼ ਦਿਵਾਉਣ ਦੀ ਗੱਲ ਨਹੀਂ ਕਰ ਰਹੀ ਪਰ ਵਿੱਕੀ ਨੂੰ ਇਨਸਾਫ਼ ਮਿਲਣ ਤੱਕ ਅਸੀਂ ਆਰਾਮ ਨਹੀਂ ਕਰਾਂਗੇ। ਅਸੀਂ ਸੀਬੀਆਈ ਜਾਂਚ ਦੀ ਮੰਗ ਲਈ ਜਲਦੀ ਹੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਜਾ ਰਹੇ ਹਾਂ। ਇਸ ਤੋਂ ਬਾਅਦ ਅਸੀਂ ਹਸਤਾਖਰ ਮੁਹਿੰਮ ਚਲਾਉਣ ਦਾ ਐਲਾਨ ਵੀ ਕਰਾਂਗੇ। ਅਸੀਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦੇ ਹਾਂ।
ਇੰਨਾ ਹੀ ਨਹੀਂ, ਅਸੀਂ ਹਰ ਵਰਗ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਨਾਲ ਸ਼ਾਮਲ ਹੋਣ ਅਤੇ ਵਿੱਕੀ ਮਿੱਡੂਖੇੜਾ ਨੂੰ ਇਨਸਾਫ ਦਿਵਾਉਣ ਵਿੱਚ ਸਾਡੀ ਮਦਦ ਕਰਨ’ । ਉਨ੍ਹਾਂ ਕਿਹਾ ਕਿ ਸਾਡਾ ਅਕਾਲੀ ਦਲ ਨਾਲ ਸਬੰਧ ਹੈ। ਜੇਕਰ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਤਾਂ ਲੋਕਤੰਤਰ ਕਿੱਥੇ ਹੈ? ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਅਸੀਂ ਕਤਲੇਆਮ ਦਾ ਸਿਆਸੀਕਰਨ ਨਹੀਂ ਕਰਨਾ ਚਾਹੁੰਦੇ ਪਰ ਪੰਜਾਬ ਸਰਕਾਰ ਅਜਿਹਾ ਕਰਨ ‘ਤੇ ਤੁਲੀ ਹੋਈ ਹੈ।
ਵਰਨਣਯੋਗ ਹੈ ਕਿ ਅਜੇ ਪਾਲ ਸਿੰਘ ਮਿੱਡੂਖੇੜਾ ਪੰਜਾਬ ਦੇ ਗ੍ਰਹਿ ਮੰਤਰੀ, ਡੀਜੀਪੀ ਨੂੰ ਮਿਲ ਚੁੱਕੇ ਹਨ ਅਤੇ ਇੱਥੋਂ ਤੱਕ ਕਿ ਸਬੰਧਤ ਸੀਨੀਅਰ ਅਧਿਕਾਰੀਆਂ ਨੂੰ ਇਨਸਾਫ਼ ਅਤੇ ਪਰਿਵਾਰ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੱਤਰ ਵੀ ਲਿਖ ਚੁੱਕੇ ਹਨ ਪਰ ਇਹ ਸਭ ਵਿਅਰਥ ਗਿਆ ਹੈ।