ਕਿਹਾ – ਹਲਕੇ ਦੇ ਵਿਕਾਸ ‘ਚ ਨਾ ਕੋਈ ਕਸਰ ਛੱਡੀ ਹੈ, ਨਾ ਛੱਡਾਂਗਾ
ਫਗਵਾੜਾ 12 ਫਰਵਰੀ ( ਰੀਤ ਪ੍ਰੀਤ ਪਾਲ ਸਿੰਘ ) ਹਲਕਾ ਵਿਧਾਨਸਭਾ ਫਗਵਾੜਾ ਦੇ ਮੋਜੂਦਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਚਰਨਜੀਤ ਸਿੰਘ ਚੰਨੀ ਸਰਕਾਰ ਵਲੋਂ ਸਿਰਫ 111 ਦਿਨ ਦੇ ਰਾਜ ਦੌਰਾਨ ਕੀਤੇ ਲੋਕ ਭਲਾਈ ਕੰਮਾਂ ਨੂੰ ਮੁੱਖ ਰਖਦੇ ਹੋਏ ਇਸ ਵਾਰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਤਾਂ ਜੋ ਚਰਨਜੀਤ ਸਿੰਘ ਚੰਨੀ ਨੂੰ ਬਤੌਰ ਮੁੱਖ ਮੰਤਰੀ ਪੂਰੇ ਪੰਜ ਸਾਲ ਕੰਮ ਕਰਨ ਦਾ ਮੌਕਾ ਮਿਲੇ ਅਤੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਹਨ ਉਹਨਾਂ ਨੂੰ ਇਨ ਬਿਨ ਪੂਰਾ ਕੀਤਾ ਜਾ ਸਕੇ।
ਫਗਵਾੜਾ ਦੇ ਪਿੰਡਾਂ ਵਿਚ ਚੋਣ ਮੀਟਿੰਗਾਂ ਦੌਰਾਨ ਵੋਟਰਾਂ ਦੇ ਮਿਲ ਰਹੇ ਭਾਰੀ ਸਮਰਥਨ ਤੋਂ ਉਤਸ਼ਾਹਤ ਧਾਲੀਵਾਲ ਨੇ ਵਿਕਟਰੀ ਚਿੰਨ੍ਹ ਬਨਾਉਂਦੇ ਹੋਏ ਕਿਹਾ ਕਿ ਲੋਕ ਉਹਨਾਂ ਨੂੰ ਇਸ ਲਈ ਪਿਆਰ ਤੇ ਸਤਿਕਾਰ ਦੇ ਰਹੇ ਹਨ ਕਿਉਂਕਿ 2019 ਦੀ ਜਿਮਨੀ ਚੋਣ ਵਿਚ ਫਗਵਾੜਾ ਦੇ ਲੋਕਾਂ ਨੇ ਜਿਸ ਉਮੀਦ ਨਾਲ ਉਹਨਾਂ ਨੂੰ ਵਿਧਾਇਕ ਚੁਣਿਆ ਸੀ, ਉਸ ਉਮੀਦ ਨੂੰ ਉਹਨਾਂ ਨੇ ਪੂਰਾ ਕੀਤਾ ਹੈ।
ਫਗਵਾੜਾ ਦੇ ਵਿਕਾਸ ਵਿਚ ਨਾ ਕੋਈ ਕਸਰ ਪਹਿਲਾਂ ਉਹਨਾਂ ਨੇ ਛੱਡੀ ਹੈ ਤੇ ਨਾ ਹੀ ਅੱਗੇ ਦੁਬਾਰਾ ਵਿਧਾਇਕ ਬਣਨ ਤੋਂ ਬਾਅਦ ਕੋਈ ਕਸਰ ਛੱਡਣਗੇ। ਧਾਲੀਵਾਲ ਨੇ ਕਿਹਾ ਕਿ ਲੋਕ ਉਸੇ ਆਗੂ ਦਾ ਸਾਥ ਦਿੰਦੇ ਹਨ ਜੋ ਜਿੱਤਣ ਤੋਂ ਬਾਅਦ ਉਹਨਾਂ ਦੇ ਦੁਖ-ਸੁਖ ਵਿਚ ਭਾਈਵਾਲ ਬਣਦਾ ਹੈ। ਉਹਨਾਂ ਕਿਹਾ ਕਿ ਨਾ ਸਿਰਫ ਵਿਕਾਸ ਬਲਕਿ ਕੋਵਿਡ-19 ਕੋਰੋਨਾ ਮਹਾਮਾਰੀ ਦੌਰਾਨ ਵੀ ਉਹਨਾਂ ਨੇ ਫਗਵਾੜਾ ਵਾਸੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਹੈ ਅਤੇ ਇਹਨਾਂ ਕੰਮਾਂ ਦੇ ਕਾਰਨ ਹੀ ਲੋਕ ਉਹਨਾਂ ਨੂੰ ਇਸ ਵਾਰ ਵੀ ਰਿਕਾਰਡ ਵੋਟਾਂ ਨਾਲ ਜਿਤਾ ਕੇ ਪੰਜਾਬ ਵਿਧਾਨਸਭਾ ਵਿਚ ਭੇਜਣਗੇ। ਇਸ ਮੌਕੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਗੁਰਚਰਨ ਸਿੰਘ ਸਾਬਕਾ ਸਰਪੰਚ ਸੰਗਤਪੁਰ, ਸਤਨਾਮ ਸਿੰਘ ਸਿੱਧੂ ਸਰਪੰਚ, ਜਤਿੰਦਰ ਸਿੰਘ ਪੰਚ ਲੱਖਪੁਰ, ਰਾਜੂ ਭਗਤਪੁਰਾ, ਵਿੱਕੀ ਵਾਲੀਆ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ ਆਦਿ ਹਾਜਰ ਸਨ।