ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਲਈ ਪਾਰਟੀ ਤੋਂ ਖੁੱਲ੍ਹ ਕੇ ਬਗਾਵਤ ਕਰ ਦਿੱਤੀ ਹੈ। ਸ਼ਨੀਵਾਰ ਨੂੰ ਉਹ ਪਟਿਆਲਾ ਵਿੱਚ ਭਾਜਪਾ ਵੱਲੋਂ ਆਯੋਜਿਤ ਇੱਕ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਆਪਣੇ ਪਤੀ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਵੋਟਾਂ ਮੰਗੀਆਂ।
ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਸਾਲ ਕਾਂਗਰਸ ਹਾਈਕਮਾਂਡ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਸੀ। ਇਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਨਾਂ ਦੀ ਵੱਖਰੀ ਪਾਰਟੀ ਬਣਾਈ ਸੀ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਮਰਿੰਦਰ ਦੀ ਪਾਰਟੀ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰ ਲਿਆ ਹੈ। ਅਮਰਿੰਦਰ ਸਿੰਘ ਆਪਣੀ ਰਵਾਇਤੀ ਸੀਟ ਪਟਿਆਲਾ (ਸ਼ਹਿਰੀ) ਤੋਂ ਆਪਣੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਕਾਂਗਰਸ ਨੇ ਉਨ੍ਹਾਂ ਦੇ ਖਿਲਾਫ ਵਿਸ਼ਨੂੰ ਸ਼ਰਮਾ ਨੂੰ ਮੈਦਾਨ ‘ਚ ਉਤਾਰਿਆ ਹੈ।
ਸ਼ਨੀਵਾਰ ਨੂੰ ਸਰਹਿੰਦੀ ਗੇਟ ਵਿਖੇ ਰੱਖੀ ਮੀਟਿੰਗ ਵਿੱਚ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਪੁੱਜੇ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਸੀ। ਮੀਟਿੰਗ ਵਿੱਚ ਆਪਣੇ ਪਤੀ ਅਮਰਿੰਦਰ ਸਿੰਘ ਲਈ ਵੋਟਾਂ ਮੰਗਦਿਆਂ ਉਹਨਾਂ ਕਿਹਾ, “ਕੈਪਟਨ ਸਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕੀਤਾ ਹੈ, ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਉਹਨਾਂ ਨੂੰ ਵੋਟ ਦਿਓ ਅਤੇ ਉਹਨਾਂ ਦਾ ਸਮਰਥਨ ਕਰੋ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਐਤਵਾਰ ਨੂੰ ਪਟਿਆਲਾ ਫੇਰੀ ਤੋਂ ਠੀਕ ਪਹਿਲਾਂ ਪ੍ਰਨੀਤ ਕੌਰ ਦੀ ਭਾਜਪਾ ਦੀ ਮੀਟਿੰਗ ਵਿੱਚ ਜਾਣ ਪਿੱਛੋਂ ਸਾਰੀਆਂ ਅਟਕਲਾਂ ਹਵਾ ਵਿੱਚ ਉੱਡਣ ਲੱਗੀਆਂ ਹਨ। ਪਰਨੀਤ ਨੇ ਹਾਲ ਹੀ ‘ਚ ਕਿਹਾ ਸੀ ਕਿ ਪਰਿਵਾਰ ਸਭ ਤੋਂ ਉੱਪਰ ਹੈ ਅਤੇ ਮੈਂ ਆਪਣੇ ਪਰਿਵਾਰ ਨਾਲ ਹਾਂ।
ਪ੍ਰਨੀਤ ਕੌਰ ਪਹਿਲਾਂ ਹੀ ਕਾਂਗਰਸ ਦੇ ਉਮੀਦਵਾਰ ਵਿਸ਼ਨੂੰ ਸ਼ਰਮਾ ਦੇ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ। ਇਸ ਤੋਂ ਨਾਰਾਜ਼ ਵਿਸ਼ਨੂੰ ਸ਼ਰਮਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਜਾਂ ਤਾਂ ਪਾਰਟੀ ਲਈ ਪ੍ਰਚਾਰ ਕਰਨ ਜਾਂ ਅਸਤੀਫਾ ਦੇਣ।
ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਪਿਛਲੇ ਸਾਲ ਨਵੰਬਰ ਵਿੱਚ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ। ਇਸ ਬਾਰੇ ਪੁੱਛੇ ਜਾਣ ‘ਤੇ ਪ੍ਰਨੀਤ ਨੇ ਕਿਹਾ ਸੀ ਕਿ ਮੈਂ ਵੀ ਇਸ ਬਾਰੇ ਅਖਬਾਰਾਂ ਅਤੇ ਸੋਸ਼ਲ ਮੀਡੀਆ ‘ਚ ਪੜ੍ਹਿਆ ਹੈ ਪਰ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ।