ਜਲੰਧਰ ਸਟੇਸ਼ਨ ਤੇ ਉਮੜਿਆ ਸੰਗਤਾਂ ਦੇ ਸੈਲਾਬ ।
ਜਲੰਧਰ,ਆਦਮਪੁਰ 13 ਫਰਵਰੀ ( ਕਰਮਵੀਰ ਸਿੰਘ, ਰਣਜੀਤ ਸਿੰਘ ਬੈਂਸ)-: ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮੌਕੇ ਤੇ ਬੇਗਮਪੁਰਾ (ਵਾਰਾਨਸੀ) ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਐਤਵਾਰ ਨੂੰ ਦੁਪਹਿਰ 1:30 ਵਜੇ ਵਾਰਾਨਸੀ ਸਪੈਸ਼ਲ ਐਕਸਪ੍ਰੈਸ ਰੇਲਗੱਡੀ ਰਵਾਨਾ ਹੋਈ। ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਵਾਰਾਨਸੀ ਲਈ ਰਵਾਨਾ ਹੋਏ। ਇਸ ਦੌਰਾਨ ਸਟੇਸ਼ਨ ‘ਤੇ ਭਾਰੀ ਭੀੜ ਰਹੀ ਅਤੇ ਭਾਰੀ ਇਕੱਠ ਸੰਗਤਾਂ ਦਾ ਦੇਖਣ ਨੂੰ ਮਿਲਿਆ, ਡੇਰਾ ਸੱਚਖੰਡ ਬੱਲਾਂ ਦੇ ਮੋਜ਼ੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਮਹਾਰਾਜ ਸ਼ਰਧਾਲੂਆਂ ਨਾਲ ਵਾਰਾਨਸੀ ਲਈ ਰਵਾਨਾ ਹੋਏ। ਦੋਆਬੇ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਸ਼ਰਧਾਲੂ ਰੇਲਗੱਡੀ ਨੂੰ ਰਵਾਨਾ ਕਰਨ ਅਤੇ ਸੰਤ ਨਿਰੰਜਨ ਦਾਸ ਦੇ ਦਰਸ਼ਨਾਂ ਲਈ ਸਿਟੀ ਰੇਲਵੇ ਸਟੇਸ਼ਨ ਪੁੱਜੇ। ਦੱਸ ਦੇਈਏ ਕਿ ਪੰਜਾਬ ‘ਚ ਲੋਕਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਕਾਰਨ 14 ਫਰਵਰੀ ਨੂੰ ਵੋਟਾਂ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਸੀ।ਸਿਟੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਆਰ ਕੇ ਬਹਿਲ ਦੇ ਅਨੁਸਾਰ, ਟ੍ਰੇਨ 41,58,410 ਲੱਖ ਰੁਪਏ ਵਿੱਚ ਬੁੱਕ ਕੀਤੀ ਗਈ ਸੀ। ਟ੍ਰੇਨ ਵਿੱਚ 22 ਯਾਤਰੀ ਕੋਚ ਅਤੇ ਦੋ ਐਸ ਐਲ ਆਰ ਕੋਚ ਲਗਾਏ ਗਏ ਸਨ। ਸੀਟਾਂ ਦੀ ਗਿਣਤੀ ਦੇ ਹਿਸਾਬ ਨਾਲ 1660 ਦੇ ਕਰੀਬ ਸ਼ਰਧਾਲੂ ਰੇਲਗੱਡੀ ਵਿੱਚ ਰਵਾਨਾ ਹੋਏ ਹਨ। ਰੇਲ ਗੱਡੀ 4 ਦਿਨਾਂ ਬਾਅਦ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਜਲੰਧਰ ਪਰਤੇਗੀ। ਸਾਢੇ 12 ਵਜੇ ਦੇ ਕਰੀਬ ਪਲੇਟਫਾਰਮ ਨੰਬਰ ਇਕ ‘ਤੇ ਰੇਲ ਗੱਡੀ ਖੜ੍ਹੀ ਸੀ ਅਤੇ ਇਸ ਦੌਰਾਨ ਸੰਗਤ ਸ਼ਬਦ ਕੀਰਤਨ ਕਰਦੀ ਰਹੀ ਅਤੇ ਢੋਲ ਦੀ ਤਾਪ ‘ਤੇ ਭੰਗੜਾ ਵੀ ਪਾਇਆ ਗਿਆ ਰੇਲਗੱਡੀ ਦੇ ਰਵਾਨਾ ਹੋਣ ਤੋਂ ਬਾਅਦ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਸਰਕੂਲੇਸ਼ਨ ਏਰੀਏ ਵਿੱਚ ਗਾਏ ਜਾ ਰਹੇ ਸ਼ਬਦ ਗਾਇਨ ਦੀ ਧੁਨ ‘ਤੇ ਸੰਗਤ ਨੱਚਦੀ ਨਜ਼ਰ ਆਈ। ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਥਾਵਾਂ ‘ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਵਿਸ਼ੇਸ਼ ਵਾਰਾਨਸੀ ਐਕਸਪ੍ਰੈਸ ਟਰੇਨ ਦੇ ਰਵਾਨਾ ਹੋਣ ਮੌਕੇ ਆਰਪੀਐਫ, ਜੀਆਰਪੀ ਅਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਖੁਫੀਆ ਏਜੰਸੀ ਵੀ ਸਿਟੀ ਸਟੇਸ਼ਨ ਕੰਪਲੈਕਸ ‘ਚ ਕਾਫੀ ਚੌਕਸ ਦਿਖਾਈ ਦਿੱਤੀ।