ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬੀ ਰਜਿੰਦਰ ਕੌਰ ਭੱਠਲ ਦੇ ਹਰੇਕ ਰਾਜਸੀ ਕੰਮ ’ਚ ਅੜਿੱਕਾ ਲਾਇਆ, ਪ੍ਰੰਤੂ ਮੈਂ ਵਾਅਦਾ ਕਰਦਾ ਹਾਂ ਕਿ ਸਾਡੀ ਸਰਕਾਰ ਆਉਣ ’ਤੇ ਸਾਡੀ ਪੂਰੀ ਸਰਕਾਰ ਹੀ ਬੀਬੀ ਭੱਠਲ ਨੇ ਚਲਾਉਣੀ ਹੈ। ਇਸ ਲਈ ਬੀਬੀ ਭੱਠਲ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਭੇਜੋ। ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਬੀਬੀ ਭੱਠਲ ਦੇ ਚੋਣ ਪ੍ਰਚਾਰ ਸਮੇਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਚੰਨੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਅਸੀਂ ਬੀਬੀ ਭੱਠਲ ਨਾਲ ਮਿਲ ਕੇ ਇਸ ਹਲਕੇ ਨੂੰ ਉੱਚਾ ਚੁੱਕਣ ਦਾ ਤਹੱਈਆ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਬਘੇਲੇ ਦਾ ਨਾਮ ਦਿੰਦਿਆਂ ਕਿਹਾ ਕਿ ਬਘੇਲੇ ਨੇ ਸਾਢੇ ਚਾਰ ਸਾਲਾਂ ’ਚ ਪੰਜਾਬ ਲਈ ਕੁਝ ਨਹੀਂ ਕੀਤਾ। ਹੁਣ ਉਸ ਪਾਰਟੀ ਨਾਲ ਹੱਥ ਮਿਲਾ ਲਿਆ ਹੈ ਜੋ ਕਿਸਾਨਾਂ ਦੀ ਕਾਤਲ ਪਾਰਟੀ ਹੈ।
ਉਨ੍ਹਾਂ ਲਹਿਰਾ ਹਲਕੇ ਲਈ ਮੈਡੀਕਲ ਕਾਲਜ, ਖਨੌਰੀ ਵਿਖੇ ਡਿਗਰੀ ਕਾਲਜ, ਘੱਗਰ ਦਾ ਪੱਕੇ ਤੌਰ ਤੇ ਹੱਲ, ਪੜ੍ਹਾਈ ਫਰੀ ਤੇ ਐੱਸਸੀ- ਬੀਸੀ-ਜਨਰਲ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਕੇਜਰੀਵਾਲ ਦਿੱਲੀ ਤੋਂ ਆ ਕੇ ਪੰਜਾਬ ਨੂੰ ਲੁੱਟਣਾ ਚਾਹੁੰਦਾ ਹੈ ਜਿਵੇਂ ਗੋਰੇ ਅੰਗਰੇਜ਼ਾਂ ਨੇ ਦੇਸ਼ ਨੂੰ ਲੁੱਟਿਆ ਸੀ। ਉਨ੍ਹਾਂ ਪਾਰਟੀ ਦੇ ਆਗੂ ਭਗਵੰਤ ਮਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਕਮੇਡੀ ਸਟੇਜ ਤੇ ਪੰਜਾਬ ਚਲਾਉਣ ’ਚ ਦਿਨ ਰਾਤ ਦਾ ਫ਼ਰਕ ਹੈ। ਪੰਜਾਬ ਚਲਾਉਣ ਲਈ ਬਹੁਤ ਤਜਰਬੇ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਪੰਜਾਬ ਦੀ ਦੁਸ਼ਮਣ ਜਮਾਤ ਭਾਜਪਾ ਨਾਲ ਕੀਤੀ ਗੰਢਤੁੱਪ ਇਨ੍ਹਾਂ ’ਤੇ ਭਾਰੀ ਪਵੇਗੀ ਤੇ ਚਿੱਟੇ ਦੇ ਕਾਰੋਬਾਰੀਆਂ ਨੂੰ ਲੋਕ ਚੌਥੇ ਨੰਬਰ ’ਤੇ ਲੈ ਕੇ ਆਉਣਗੇ।
ਇਸ ਸਮੇਂ ਬੀਬੀ ਭੱਠਲ ਨੇ ਸੀਐੱਮ ਚੰਨੀ ਨੂੰ ਬੇਟਾ ਕਹਿ ਕੇ ਸੰਬੋਧਨ ਕਰਦਿਆਂ ਜਿੱਥੇ ਉਨ੍ਹਾਂ ਦਾ ਧੰਨਵਾਦ ਕੀਤਾ, ਉਥੇ ਕਿਹਾ ਕਿ ਕੈਪਟਨ ਨੇ ਮੇਰੇ ਨਾਲ ਹਮੇਸ਼ਾ ਧੱਕੇ ਦੀ ਰਾਜਨੀਤੀ ਕੀਤੀ ਹੈ। ਪ੍ਰੰਤੂ ਤੁਸੀਂ ਆਉਣ ਸਾਰ ਮੈਨੂੰ ਇਸ ਹਲਕੇ ਲਈ 22 ਕਰੋੜ ਰੁਪਏ ਦਿੱਤੇ। ਬੀਬੀ ਭੱਠਲ ਨੇ ਸੀਐੱਮ ਚੰਨੀ ਨੂੰ ਮੰਗਾਂ ਸਬੰਧੀ ਦੱਸਿਆ। ਜਿਸ ’ਤੇ ਚੰਨੀ ਨੇ ਕਿਹਾ ਕਿ ਖਾਲੀ ਕਾਗਜ਼ ਦੇ ਸਭ ਤੋਂ ਥੱਲੇ ਮੇਰੇ ਦਸਤਖ਼ਤ ਕਰਵਾ ਲਵੋ, ਉੱਪਰ ਜੋ ਵੀ ਮੰਗਾਂ ਲਿਖੋਗੇ ਹਰ ਹੀਲੇ ਪੂਰੀਆਂ ਕੀਤੀਆਂ ਜਾਣਗੀਆਂ।