Punjab Assembly Election 2022 : ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਕਾਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਸ਼ਿਆਰਪੁਰ ‘ਚ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ‘ਚ ਸ਼ਾਮਲ ਨਹੀਂ ਹੋ ਸਕਣਗੇ। ਚੰਨੀ ਦੇ ਹੈਲੀਕਾਪਟਰ ਨੂੰ ਏਅਰਪੋਰਟ ਅਥਾਰਟੀ ਵੱਲੋਂ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਏਅਰਪੋਰਟ ਅਥਾਰਟੀ ਨੇ ਨੋ ਫਲਾਇੰਗ ਜ਼ੋਨ ਐਲਾਨਿਆ ਹੈ। ਹਾਲਾਂਕਿ ਚੰਨੀ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਲਈ ਡੀਜੀਐੱਸਸੀ ਵੱਲੋਂ ਇਜਾਜ਼ਤ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਹੈਲੀਕਾਪਟਰ ਉੱਡ ਨਹੀਂ ਸਕਿਆ। ਚੰਨੀ ਨੇ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਜਾਣਾ ਸੀ। ਚੰਨੀ ਪੰਜਾਬ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਸ਼ਿਆਰਪੁਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਬਣੇ ਹੈਲੀਪੈਡ ਪੁੱਜੇ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸੂਬੇ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣ ਜਾਣਾ ਸੀ ਪਰ ਰੱਦ ਕਰ ਦਿੱਤਾ। ਉਹ ਸਿੱਧੇ ਹੈਲੀਪੈਡ ਚਲੇ ਗਏ ਪਰ ਕਰੀਬ ਇਕ ਘੰਟੇ ਤਕ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਨਹੀਂ ਭਰਨ ਦਿੱਤੀ ਗਈ। ਖ਼ਬਰ ਲਿਖੇ ਜਾਣ ਤਕ ਉਹ ਇੰਤਜ਼ਾਰ ਕਰ ਰਹੇ ਸਨ।
ਚੇਤੇ ਰਹੇ ਕਿ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ‘ਚ ਪ੍ਰਧਾਨ ਮੰਤਰੀ ਦੀ ਰੈਲੀ ਹੋਈ ਸੀ। ਉਹ ਸੜਕ ਰਸਤੇ ਰੈਲੀ ਲਈ ਰਵਾਨਾ ਹੋਏ ਸਨ ਪਰ ਰਾਹ ‘ਚ ਪ੍ਰਧਾਨ ਮੰਤਰੀ ਦਾ ਕਾਫਲਾ ਕਿਸਾਨਾਂ ਦੇ ਧਰਨੇ ਵਿੱਚ ਫਸ ਗਿਆ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਕਾਫਲਾ ਕਰੀਬ 20 ਮਿੰਟ ਤਕ ਫਸਿਆ ਰਿਹਾ। ਮਾਮਲੇ ਦੀ ਜਾਂਚ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਚੋਣ ਮਾਹੌਲ ‘ਚ ਕਾਂਗਰਸੀ ਆਗੂ ਵਾਰ-ਵਾਰ ਕਹਿ ਰਹੇ ਸਨ ਕਿ ਭਾਜਪਾ ਦੀਆਂ ਰੈਲੀਆਂ ‘ਚ ਭੀੜ ਨਹੀਂ ਸੀ।