ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾ ਤੇ ਚੋਣ ਪ੍ਰਚਾਰ ਲਈ ਉਚੇਚੇ ਤੌਰ ਤੇ ਪਹੁੰਚੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅਨਾਜ ਮੰਡੀ ਅਮਰਗੜ੍ਹ,ਅਨਾਜ ਮੰਡੀ ਮੰਨਵੀ ਵਿਖੇ ਚੋਣ ਰੈਲੀਆਂ ਕੀਤੀਆਂ ਗਈਆਂ । ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਸਪਾ ਆਗੂ ਗੁਰਮੀਤ ਸਿੰਘ ਚੋਬਦਾਰਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਗੱਠਜੋੜ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਕੇ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਸਥਾਪਤ ਕਰਦਿਆਂ ਨਵਾਂ ਇਤਿਹਾਸ ਸਿਰਜੇਗਾ ।ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਵੱਖ ਵੱਖ ਪਿੰਡਾਂ ਕਿਉਂ ਆਏ ਅਕਾਲੀ ਬਸਪਾ ਆਗੂਆਂ ਅਤੇ ਵਰਕਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮੈਂ ਪਿਛਲੇ ਸਮੇਂ ਤੋਂ ਹਲਕੇ ਦੇ ਲੋਕਾਂ ਦੀ ਨਿਰਸਵਾਰਥ ਹੋ ਕੇ ਸੇਵਾ ਕੀਤੀ ਹੈ ਜੇਕਰ ਮੇਰੇ ਵਿੱਚ ਰੱਤੀ ਭਰ ਵੀ ਖੋਟ ਨਜ਼ਰ ਆਉਂਦਾ ਹੈ ਤਾਂ ਮੈਨੂੰ ਵੋਟ ਨਾ ਪਾਇਓ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਕੋਲੋਂ ਜੋ ਵੀ ਅਸੀਂ ਹਲਕਾ ਅਮਰਗਡ਼੍ਹ ਲਈ ਮੰਗਿਆ ਉਨ੍ਹਾਂ ਦਿੱਤਾ ਅਮਰਗੜ੍ਹ ਅੰਦਰ ਸਰਕਾਰੀ ਕਾਲਜ ਅਹਿਮਦਗੜ੍ਹ ਨੂੰ ਸਬ ਡਵੀਜ਼ਨ ਦਾ ਦਰਜਾ ਅਮਰਗਡ਼੍ਹ ਅੰਦਰ ਮਿਉਂਸਪੈਲਟੀ ਤੋਲੇਵਾਲ ਚ ਟ੍ਰਾਂਸਪੋਰਟ ਮੋਟਰ ਟ੍ਰੇਨਿੰਗ ਸੈਂਟਰ ਅਤੇ ਅਨਾਜ ਮੰਡੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹਨ । ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਚ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਹਲਕੇ ਦੇ ਲੋਕਾਂ ਦੀ ਜੋ ਦੁਰਦਸ਼ਾ ਕੀਤੀ ਗਈ ਹੈ ਉਸ ਤੋਂ ਸਾਰੇ ਭਲੀ ਭਾਂਤ ਜਾਣੂ ਹਨ,ਸਮਾਜਿਕ ਬਦਲਾਅ ਦੀ ਗੱਲ ਕਰਨ ਵਾਲੀ ਆਪ ਪਾਰਟੀ ਦੇ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਖ਼ੁਦ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਬਦਲ ਚੁੱਕੇ ਹਨ,ਸਮਾਜ ਸੇਵੀਆਂ ਦਾ ਮਖੌਟਾ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਆਪ ਦੇ ਇਸ ਉਮੀਦਵਾਰ ਦੇ ਸਕੂਲ ਵਿਚ ਵਿਦਿਆਰਥੀਆਂ ਤੋਂ ਹਲਕੇ ਦੇ ਸਾਰੇ ਸਕੂਲਾਂ ਨਾਲੋਂ ਵੱਧ ਫੀਸ ਵਸੂਲੀ ਕੀਤੀ ਜਾਂਦੀ ਹੈ । ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਚਾਰ ਹਫਤਿਆਂ ਚ ਨਸ਼ਾ ਖ਼ਤਮ,ਘਰ ਘਰ ਨੌਕਰੀ, ਕਰਜ਼ਾ ਮੁਆਫੀ,51 ਹਜ਼ਾਰ ਸ਼ਗਨ ਸਕੀਮ, ਚੀਨੀ ਅਤੇ ਚਾਹ ਪੱਤੀ ਆਦਿ ਲਾਰੇ ਲਗਾ ਕੇ ਪੰਜਾਬ ਦੀ ਸੱਤਾ ਹਥਿਆਏੀ ਅਤੇ ਸਾਰੇ ਸਾਢੇ ਚਾਰ ਸਾਲ ਪੰਜਾਬ ਚ ਰਾਜ ਕੀਤਾ,ਉਸ ਦੇ ਨੇੜਲੇ ਮੰਤਰੀ ਨੇ ਗ਼ਰੀਬ ਵਿਦਿਆਰਥੀਆਂ ਦਾ ਵਜ਼ੀਫ਼ਾ ਖਾਧਾ, ਕਾਂਗਰਸ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਵੇਂ ਬਣਾਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਰਿਸ਼ਤੇਦਾਰ ਕੋਲੋਂ 11 ਕਰੋੜ ਰੁਪਏ ਦੀ ਰਾਸ਼ੀ ਅਤੇ 56 ਕਰੋੜ ਰੁਪਏ ਦੀ ਪ੍ਰਾਪਰਟੀ ਦੇ ਕਾਗਜ਼ਾਤ ਬਰਾਮਦ ਹੋਏ,ਇਸ ਨਾਲ ਇਨ੍ਹਾਂ ਦਾ ਚਿਹਰਾ ਬੇਨਕਾਬ ਹੋਇਆ ਹੈ ਅਤੇ ਪੰਜਾਬ ਦੇ ਲੋਕ ਹੁਣ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ । ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਚੜ੍ਹਿਆ ਹੈ । ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਪੰਜਾਬ ਪੰਜਾਬੀਅਤ ਅਤੇ ਪੰਜਾਬੀਆਂ ਨਾਲ ਨਾਲ ਕੋਈ ਲਗਾਅ ਨਹੀਂ,ਆਪ ਪਾਰਟੀ ਦੇ ਦਿੱਲੀ ਮਾਡਲ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕਿਸੇ ਨੂੰ ਆਟਾ ਦਾਲ ਪੈਨਸ਼ਨ ਸਕੀਮ ਸ਼ਗਨ ਸਕੀਮ ਆਦ ਸਹੂਲਤਾਂ ਨਹੀਂ ਮਿਲਦੀਆਂ । ਉਨ੍ਹਾਂ ਕਿਹਾ ਕਿ ਆਪ ਪਾਰਟੀ ਦੇ ਪਿਛਲੀਆਂ ਚੋਣਾਂ ਚ 20 ਵਿਧਾਇਕ ਜਿੱਤੇ ਸਨ ਜਿਨ੍ਹਾਂ ਚੋਂ 14 ਵਿਧਾਇਕ ਛੱਡ ਕੇ ਹੋਰਨਾਂ ਪਾਰਟੀਆਂ ਚ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਪੰਜ ਸਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਮੌਕਾ ਦਿੱਤਾ ਸੀ ਪ੍ਰੰਤੂ ਇਨ੍ਹਾਂ ਪੰਜਾਂ ਸਾਲਾਂ ਵਿੱਚ ਭੌਂ ਮਾਫੀਆ ਰੇਤ ਮਾਫੀਆ ਸ਼ਰਾਬ ਮਾਫੀਆ ਅਤੇ ਨਸ਼ਾਖੋਰੀ ਦਾ ਪੰਜਾਬ ਵਿੱਚ ਬੋਲਬਾਲਾ ਵਧਿਆ ਹੈ ।