ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਮਾਮਲਾ ਦਰਜ
ਬਟਾਲਾ( ਰਛਪਾਲ ਸਿੰਘ) – ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਲਈ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਚੋਣ ਕਮਿਸ਼ਨ ਵੱਲੋਂ ਸਥਾਪਤ ਲੀਕਰ ਮੋਨੀਟਰਿੰਗ ਟੀਮ ਅਤੇ ਐਕਸਾਈਜ ਵਿਭਾਗ ਦੀ ਸਾਂਝੀ ਟੀਮ ਵੱਲੋਂ ਬੀਤੀ ਸ਼ਾਮ ਨਿਊ ਵਾਲੀਆ ਕਲੋਨੀ, ਕਾਦੀਆਂ ਰੋਡ ਬਟਾਲਾ ਅਤੇ ਪਿੰਡ ਦੀਵਾਨੀਵਾਲ ਵਿਖੇ ਛਾਪੇਮਾਰੀ ਦੌਰਾਨ 22 ਪੇਟੀਆਂ ਵਿਸਕੀ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਈ.ਟੀ.ਓ. ਐਕਸਾਈਜ ਗੌਤਮ ਗੋਬਿੰਦ, ਈ.ਟੀ.ਓ. ਐਕਸਾਈਜ ਰਜਿੰਦਰ ਤਨਵਰ, ਐਕਸਾਈਜ ਇੰਸਪੈਕਟਰ ਦੀਪਕ ਸ਼ਰਮਾਂ, ਐਕਸਾਈਜ ਇੰਸਪੈਕਟਰ ਅਜੇ ਸ਼ਰਮਾਂ, ਐਕਸਾਈਜ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਲੀਕਰ ਮੋਨੀਟਰਿੰਗ ਟੀਮ ਦੇ ਮੁਖੀ ਨਵਲ ਖੁੱਲਰ ਦੀ ਸਾਂਝੀ ਟੀਮ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਪਰਮਿੰਦਰ ਜੀਤ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਗਲੀ ਨੰਬਰ 2, ਨਿਊ ਵਾਲੀ ਕਲੋਨੀ, ਕਾਦੀਆਂ ਰੋਡ ਬਟਾਲਾ ਅਤੇ ਦੀਵਾਨੀਵਾਲ ਪਿੰਡ ਵਿਖੇ ਉਸਦੇ ਦੋਸਤ ਕਿੰਦਾ ਦੇ ਘਰ ਛਾਪਿਆ ਮਾਰਿਆ ਜਿਸ ਦੌਰਾਨ ‘ਪੰਜਾਬ ਬੋਨੀ’ਜ਼ ਫਾਈਨ’ ਬਰੈਂਡ ਦੀ ਵਿਕਸੀ ਦੀਆਂ 22 ਪੇਟੀਆਂ ਅਤੇ 4 ਬੋਤਲਾਂ ਬਰਾਮਦ ਹੋਈਆਂ। ਉਨ੍ਹਾਂ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਵਿਸਕੀ ਦੀ ਵਰਤੋਂ ਵੋਟਰਾਂ ਨੂੰ ਲੁਭਾਉਣ ਲਈ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਟੀਮ ਨੇ ਵਿਸਕੀ ਦੀਆਂ ਪੇਟੀਆਂ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਸਿਵਲ ਲਾਈਨ ਬਟਾਲਾ ਵਿਖੇ ਐੱਫ.ਆਈ.ਆਰ ਦਰਜ ਕਰਵਾ ਦਿੱਤੀ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਚੋਣਾਂ ਦੌਰਾਨ ਨਸ਼ੇ ਦੀ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਸ਼ੇਸ਼ ਲੀਕਰ ਮੋਨੀਟਰਿੰਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਦਿਨ-ਰਾਤ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਹਨ।