ਫਗਵਾੜਾ 16 ਫਰਵਰੀ (ਰੀਤ ਪ੍ਰੀਤ ਪਾਲ ਸਿੰਘ )ਪੰਜਾਬ ਵਿਧਾਨ ਸਭਾ ਲਈ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ ‘ਤੇ ਹੈ। ਅਜਿਹੇ ‘ਚ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਪੂਰੀ ਤਾਕਤ ਨਾਲ ਚੋਣ ਮੈਦਾਨ ‘ਚ ਉਤਰ ਗਈਆਂ ਹਨ। ਫਗਵਾੜਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਜ਼ੋਰਦਾਰ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਹਨ, ਬੁੱਧਵਾਰ ਨੂੰ ਜਦੋਂ ਧਾਲੀਵਾਲ ਸਥਾਨਕ ਫਰੈਂਡਜ਼ ਕਲੋਨੀ ਵਿਖੇ ਚੋਣ ਪ੍ਰਚਾਰ ਕਰਨ ਪੁੱਜੇ ਤਾਂ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ। ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਦੇ ਲੋਕਾਂ ਵੱਲੋਂ ਇਸ ਤਰ੍ਹਾਂ ਸਵਾਗਤ ਕੀਤੇ ਜਾਣ ‘ਤੇ ਸਮੂਹ ਫਰੈਂਡਜ਼ ਕਲੋਨੀ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਵੱਲੋਂ ਮਿਲ ਰਹੇ ਪਿਆਰ ਦਾ ਕਰਜ਼ਾ ਕਦੇ ਵੀ ਨਹੀਂ ਚੁਕਾ ਸਕਣਗੇ।
ਧਾਲੀਵਾਲ ਨੇ ਕਿਹਾ ਕਿ ਉਹ ਰਾਜਨੀਤੀ ਵਿੱਚ ਸਿਰਫ ਲੋਕ ਸੇਵਾ ਕਰਨ ਲਈ ਆਏ ਹਨ ਅਤੇ ਲੋਕਾਂ ਵੱਲੋਂ ਮਿਲ ਰਹੇ ਅਸ਼ੀਰਵਾਦ ਅਤੇ ਪਿਆਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਹੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2019 ਵਿੱਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਵੀ ਲੋਕਾਂ ਨੇ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਸੀ, ਜਿਸ ਕਾਰਨ ਉਹ ਜ਼ਿਮਨੀ ਚੋਣ ਜਿੱਤਣ ਵਿੱਚ ਕਾਮਯਾਬ ਹੋਏ ਸੀ।
ਧਾਲੀਵਾਲ ਨੇ ਕਿਹਾ ਕਿ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਨੂੰ ਮੁੜ ਫਗਵਾੜਾ ਵਾਸੀਆਂ ਦੇ ਆਸ਼ੀਰਵਾਦ ਦੀ ਲੋੜ ਹੈ, ਤਾਂ ਜੋ ਉਹ ਇਸੇ ਤਰ੍ਹਾਂ ਫਗਵਾੜਾ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ। ਉਨ੍ਹਾਂ ਨੇ ਲੋਕਾਂ ਨੂੰ 20 ਫਰਵਰੀ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਧਾਲੀਵਾਲ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਫਗਵਾੜਾ ਵਾਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।