ਪਟਨਾ : ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ਖ਼ਿਲਾਫ਼ ਵਿਵਾਦਤ ਬਿਆਨ ਦੇਣ ਦੇ ਮਾਮਲੇ ’ਚ ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ) ਦੇ ਆਗੂਆਂ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਕਦਮਕੂਆਂ ਥਾਣੇ ’ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਥਾਣਾ ਇੰਚਾਰਜ ਬਿਮਲੇਂਦੂ ਕੁਮਾਰ ਨੇ ਕਿਹਾ ਕਿ ਮਾਮਲੇ ’ਚ ਅਰਜ਼ੀ ਮਿਲੀ ਹੈ। ਪੁਲਿਸ ਜਾਂਚ ਕਰ ਰਹੀ ਹੈ। ਸੀਨੀਅਰ ਅਧਿਕਾਰੀਆਂ ਦੇ ਆਦੇਸ਼ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਭਾਜਯੁਮੋ ਦੇ ਮਨੀਸ਼ ਕੁਮਾਰ ਨੇ ਕਿਹਾ ਕਿ ਬਿਹਾਰ ਤੇ ਯੂਪੀ ਦੇ ਨਾਗਰਿਕਾਂ ਨੇ ਆਪਣੀ ਮਿਹਨਤ ਤੇ ਪ੍ਰਤਿਭਾ ਦੀ ਬਦੌਲਤ ਖ਼ਾਸ ਪਛਾਣ ਬਣਾਈ ਹੈ। ਭਾਰਤੀ ਸੰਵਿਧਾਨ ਮੁਤਾਬਕ, ਦੇਸ਼ ਦਾ ਕੋਈ ਵੀ ਨਾਗਰਿਕ ਕਿਸੇ ਵੀ ਸੂਬੇ ਜਾਂ ਥਾਂ ’ਤੇ ਜਾ ਸਕਦਾ ਹੈ। ਸੰਵਿਧਾਨਕ ਅਹੁਦੇ ’ਤੇ ਬੈਠੇ ਕਾਂਗਰਸੀ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭੜਕਾਊ ਬਿਆਨ ਦੇ ਕੇ ਬਿਹਾਰ ਤੇ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਠੇਸ ਪਹੁੰਚਾਈ ਹੈ।