ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਨੇ ਮਰੀਜ਼ਾਂ ਨੂੰ ਰਾਹਤ ਦਿੰਦੇ ਹੋਏ ਹੁਣ ਓਪੀਡੀ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਹੈ। ਪਹਿਲਾਂ ਓਪੀਡੀ ‘ਚ ਆਉਣ ਵਾਲੇ ਮਰੀਜ਼ਾਂ ਲਈ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਵਜੇ ਤੋਂ ਸਵੇਰੇ 9 ਵਜੇ ਤਕ ਸੀ। ਹੁਣ ਇਹ ਸਮਾਂ ਸਵੇਰੇ 8 ਵਜੇ ਤੋਂ ਬਦਲ ਕੇ 10 ਵਜੇ ਕਰ ਦਿੱਤਾ ਗਿਆ ਹੈ। ਓ.ਪੀ.ਡੀ. ਦਾ ਸਮਾਂ ਵਧਾਉਣ ਦੀ ਨਵੀਂ ਪ੍ਰਣਾਲੀ ਅੱਜ ਤੋਂ ਲਾਗੂ ਕਰ ਦਿੱਤੀ ਗਈ ਹੈ। ਪੀਜੀਆਈ ਵਿੱਚ ਇੱਕ ਘਟਾ ਓਪੀਡੀ ਦਾ ਸਮਾਂ ਵਧਾਉਣ ਨਾਲ ਸਵੇਰੇ 10 ਵਜੇ ਤਕ ਸੱਤ ਹਜ਼ਾਰ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ।
ਪੀਜੀਆਈ ਪ੍ਰਸ਼ਾਸਨ ਨੇ ਇਹ ਫੈਸਲਾ ਕੋਰੋਨਾ ਇਨਫੈਕਟਿਡ ਮਾਮਲਿਆਂ ਦੀ ਘਟਦੀ ਗਿਣਤੀ ਦੇ ਮੱਦੇਨਜ਼ਰ ਲਿਆ ਹੈ। ਪੀਜੀਆਈ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਕ ਘੰਟੇ ਤਕ ਚੱਲੀ ਓਪੀਡੀ ਦੀ ਰਜਿਸਟ੍ਰੇਸ਼ਨ ‘ਚ ਸਿਰਫ਼ ਛੇ ਹਜ਼ਾਰ ਦੇ ਕਰੀਬ ਮਰੀਜ਼ ਹੀ ਆਪਣੇ ਓਪੀਡੀ ਕਾਰਡ ਬਣਵਾ ਪਾਉਂਦੇ ਸੀ। ਓਪੀਡੀ ਦਾ ਸਮਾਂ ਵਧਾਉਣ ਨਾਲ ਮਰੀਜ਼ਾਂ ਨੂੰ ਇਸ ਦਾ ਲਾਭ ਮਿਲੇਗਾ ਤਾਂ ਜੋ ਮਰੀਜ਼ ਆਸਾਨੀ ਨਾਲ ਵਾਕ ਇਨ ਫਿਜ਼ੀਕਲ ਓ.ਪੀ.ਡੀ. ‘ਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣ ਅਤੇ ਡਾਕਟਰ ਨੂੰ ਦਿਖਾ ਸਕਣ।
ਟੈਲੀਕੰਸਲਟੇਸ਼ਨ ਲਈ ਸਮਾਂ ਸਵੇਰੇ 10.30 ਤੋਂ 11.30 ਵਜੇ ਤਕ
ਪੀਜੀਆਈ ਨੇ ਓਪੀਡੀ ਦੇ ਨਾਲ-ਨਾਲ ਟੈਲੀਕੰਸਲਟੇਸ਼ਨ ਸਰਵਿਸ ਦਾ ਸਮਾਂ ਵੀ ਬਦਲ ਦਿੱਤਾ ਹੈ। ਟੈਲੀਕੰਸਲਟੇਸ਼ਨ ਰਾਹੀਂ ਡਾਕਟਰਾਂ ਤੋਂ ਇਲਾਜ ਤੇ ਸਲਾਹ ਲੈਣ ਲਈ ਮਰੀਜ਼ਾਂ ਨੂੰ ਸਵੇਰੇ 10.30 ਤੋਂ 11.30 ਵਜੇ ਦੇ ਵਿਚਕਾਰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਹਸਪਤਾਲ ਪ੍ਰਸ਼ਾਸਨ ਦੇ ਡਾ. ਨਵੀਨ ਪਾਂਡੇ ਨੇ ਦੱਸਿਆ ਕਿ ਜੋ ਲੋਕ ਬਿਮਾਰੀ ਤੇ ਕਿਸੇ ਹੋਰ ਕਾਰਨ ਕਰਕੇ ਓਪੀਡੀ ਨਹੀਂ ਆ ਸਕਦੇ, ਉਹ ਘਰ ਬੈਠੇ ਟੈਲੀਕੰਸਲਟੇਸ਼ਨ ਰਾਹੀਂ ਆਪਣਾ ਇਲਾਜ ਕਰਵਾ ਸਕਦੇ ਹਨ। ਇਹ ਸਹੂਲਤ ਵਿਸ਼ੇਸ਼ ਤੌਰ ‘ਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਲਈ ਹੈ।
ਟੈਲੀਕੰਸਲਟੇਸ਼ਨ ਲਈ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰੋ
ਓਪੀਡੀ————–ਟੈਲੀਫੋਨ ਨੰਬਰ
ਨਵੀਂ ਓਪੀਡੀ————–0172-2755991
ਐਡਵਾਂਸ ਆਈ ਸੈਂਟਰ————–0172-2755992
ਐਡਵਾਂਸ ਕਾਰਡਿਕ ਸੈਂਟਰ————–0172-2755993
ਐਡਵਾਂਸ ਪੀਡੀਆਟ੍ਰਿਕ ਸੈਂਟਰ———–0172-2755994
OHSC ਡੈਂਟਲ———–0172-2755995
ਓਬਸਟੈਟ੍ਰਿਕਸ———–7087003434