ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਕਿਸਾਨ ਔਰਤ ਮਹਿੰਦਰ ਕੌਰ ਖਿਲਾਫ ਟਵੀਟ ਕਰਨ ਤੇ ਵਿਵਾਦਾਂ ਵਿੱਚ ਆਈ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਬਠਿੰਡਾ ਦੀ ਅਦਾਲਤ ਨੇ ਸੰਮਨ ਜਾਰੀ ਕਰ ਦਿੱਤੇ ਹਨ। 87 ਸਾਲਾ ਮਹਿਲਾ ਕਿਸਾਨ ਮਹਿੰਦਰ ਕੌਰ ਦੇ ਵਕੀਲ ਨੇ ਦੱਸਿਆ ਕਿ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਨੂੰ 19 ਅਪ੍ਰੈਲ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ।
ਵਕੀਲ ਰਣਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਖ਼ਿਲਾਫ਼ ਕੇਸ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ 19 ਅਪ੍ਰੈਲ ਨੂੰ ਹਰ ਹਾਲਤ ਵਿੱਚ ਕੰਗਨਾ ਰਣੌਤ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਬਠਿੰਡਾ ਜ਼ਿਲ੍ਹੇ ਦੀ ਉਕਤ ਔਰਤ ਮਹਿੰਦਰ ਕੌਰ ਨੂੰ ਸੌ ਸੌ ਰੁਪਏ ਲੈ ਕੇ ਕਿਸਾਨ ਸੰਘਰਸ਼ ਦੌਰਾਨ ਧਰਨਿਆਂ ਵਿੱਚ ਜਾਣ ਵਾਲੀ ਕਿਹਾ ਸੀ। ਉਕਤ ਮਹਿਲਾ ਕਿਸਾਨ ਔਰਤਾਂ ਨੇ ਇਸ ਮਾਮਲੇ ਵਿੱਚ ਕੰਗਨਾ ਰਣੌਤ ਖ਼ਿਲਾਫ਼ ਅਦਾਲਤ ਅੰਦਰ ਕੇਸ ਦਾਇਰ ਕੀਤਾ ਸੀ। ਬਠਿੰਡਾ ਦੀ ਅਦਾਲਤ ਵਿੱਚ ਦਾਇਰ ਮਾਣਹਾਨੀ ਦੇ ਕੇਸ ਵਿਚ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਦਾਲਤ ਨੇ ਕੰਗਨਾ ਰਣੌਤ ਖ਼ਿਲਾਫ਼ ਨੋਟਿਸ ਜਾਰੀ ਕਰਦਿਆਂ ਉਸ ਨੂੰ 19 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ।