ਕਪੂਰਥਲਾ 23 ਫਰਵਰੀ (ਕੌੜਾ) – ਬੀਤੀ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਬੂਲਪੁਰ ਦੀ 105 ਸਾਲਾ ਬਿਰਧ ਮਾਤਾ ਪੂਰਨ ਕੌਰ ਧੰਜੂ ਨੇ ਆਪਣੀ ਵੋਟ ਦਾ ਇਸਤੇਮਾਲ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੀ ਸਭ ਤੋਂ ਵਡੇਰੀ ਉਮਰ ਦੀ ਵੋਟਰ ਹੋਣ ਦਾ ਮਾਣ ਹਾਸਲ ਕੀਤਾ ਹੈ। ਚੋਣ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਸਭ ਤੋਂ ਵਡੇਰੀ ਉਮਰ ਦੇ ਵੋਟਰ ਮਾਤਾ ਪੂਰਨ ਕੌਰ ਹੀ ਹਨ ਜਿਨ੍ਹਾਂ ਨੇ 105 ਸਾਲ ਦੀ ਉਮਰ ਵਿੱਚ ਵੀ ਵੋਟ ਪਾਉਣ ਦੇ ਅਧਿਕਾਰ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਪੂਰਨ ਕੌਰ ਧੰਜੂ ਦੇ ਸਪੁੱਤਰ ਐਡਵੋਕੇਟ ਸੀਤਲ ਸਿੰਘ ਧੰਜੂ, ਮਾਸਟਰ ਦਰਸ਼ਨ ਸਿੰਘ ਧੰਜੂ ਅਤੇ ਸਾਧੂ ਸਿੰਘ ਧੰਜੂ ਨੇ ਦੱਸਿਆ ਕਿ ਵਡੇਰੀ ਉਮਰ ਹੋਣ ਦੇ ਬਾਵਜੂਦ ਵੀ ਮਾਤਾ ਜੀ ਮਾਨਸਿਕ ਅਤੇ ਸਰੀਰਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਹੋ ਰਹੀਆਂ ਚੋਣਾਂ ਸਬੰਧੀ ਪੂਰੀ ਜਾਣਕਾਰੀ ਰੱਖਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮਾਤਾ ਜੀ ਦੇ ਦੱਸਣ ਅਨੁਸਾਰ ਉਸ ਨੇ ਪਹਿਲੀ ਵਾਰ 1957 ਵਿੱਚ ਵੋਟ ਪਾਈ ਸੀ ਤੇ ਉਦੋਂ ਤੋਂ ਹੀ ਹਰ ਚੋਣ ਵਿੱਚ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਤਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਵੋਟ ਪਾਉਣ ਲਈ ਆਸਵੰਦ ਹੈ।
ਕੈਪਸਨ – ਮਾਤਾ ਪੂਰਨ ਕੌਰ ਧੰਜੂ