ਫਾਜ਼ਿਲਕਾ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਕੁਝ ਹੀ ਦਿਨ ਬਾਕੀ ਹਨ। ਇਸ ਦੇ ਚਲਦਿਆਂ ਫਾਜ਼ਿਲਕਾ ਦੇ ਸਰਕਾਰੀ ਸਕੂਲ ਵਿਚ ਬਣੇ ਈਵੀਐਮ ਸਟਰੌਂਗ ਰੂਮ ਵਿਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸਵੇਰੇ ਕਰੀਬ ਸਾਢੇ ਤਿੰਨ ਵਜੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਲੋਕ ਮੌਕੇ ‘ਤੇ ਪਹੁੰਚੇ ਤਾਂ ਉਹਨਾਂ ਦੇਖਿਆ ਸਟਰੌਂਗ ਰੂਮ ਦੀ ਸੁਰੱਖਿਆ ‘ਚ ਤੈਨਾਤ ਸਬ-ਇੰਸਪੈਕਟਰ ਨੂੰ ਗੋਲੀ ਲੱਗੀ ਹੋਈ ਸੀ।ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਬਲਦੇਵ ਚੰਦ ਵਲੋਂ ਖੁਦ ਨੂੰ ਸਰਕਾਰੀ ਪਿਸਤੌਲ ਨਾਲ ਗੋਲੀ ਮਾਰੀ ਗਈ ਹੈ। ਜਦੋਂ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਬਲਦੇਵ ਚੰਦ ਸਟਰੌਂਗ ਰੂਮ ਦੇ ਇੰਚਾਰਜ ਸਨ।ਫਿਲਹਾਲ ਜ਼ਿਲ੍ਹਾ ਪੁਲਿਸ ਅਧਿਕਾਰੀ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਮੌਜੂਦ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਲਈ ਫੋਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।