ਗੁਰਦਾਸਪੁਰ, 17 ਮਾਰਚ ( ) ਡਾ. ਭੁਪਿੰਦਰ ਸਿੰਘ ਢਿੱਲੋਂ, ਡਾਇਰੈਕਟਰ ਪੀ.ਏ.ਯੂ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਧਰਤੀ, ਪਾਣੀ, ਪੌਣ ਬਚਾਈਏ, ਪੁਸ਼ਤਾਂ ਖਾਤਰ ਧਰਮ ਨਿਭਾਈਏ”ਦੇ ਉਦੇਸ਼ ਨਾਲ ਖੇਤਰੀ ਕਿਸਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ ਆਨਲਾਈਨ ਮਾਧਿਅਮ ਰਾਹੀਂ 21 ਮਾਰਚ, 2022 ਨੂੰ ਕਰਵਾਇਆ ਜਾ ਰਿਹਾ ਹੈ। ਕਰ ੋਨਾ ਮਹਾਂਮਾਰੀ ਕਾਰਨ ਇਸ ਕਿਸਾਨ ਮੇਲੇ ਵਿੱਚ ਖੋਜ ਕੇਂਦਰ ਵਿਖੇ ਕਿਸੇ ਤਰ੍ਹਾਂ ਦਾ ਇਕੱਠ ਨਹੀਂ ਕੀਤਾ ਜਾਵੇਗਾ। ਇਸਦਾ ਸਿੱਧਾ ਪ੍ਰਸਾਰਣ ਆਨਲਾਇਨ ਮਾਧਿਅਮ ਰਾਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੂਟਿਊਬ ਚੈਨਲ, ਫੈਸਬੁਕ ਪੇਜ ਅਤੇ ਵੈਬਸਾਇਟ ਤੋਂ ਲਾਈਵ ਕੀਤਾ ਜਾਵੇਗਾ, ਜਿਸ ਦੌਰਾਨ ਕਿਸਾਨ ਯੂਨੀਵਰਸਿਟੀ ਵਲੋਂ ਕੀਤੀਆਂ ਨਵੀਆਂ ਸਿਫਾਰਿਸ਼ਾ ਅਤੇ ਤਕਨੀਕਾਂ ਬਾਰੇ ਭਰਪੂਰ ਜਾਣਕਾਰੀ ਘਰ ਬੈਠੇ ਹੀ ਹਾਸਿਲ ਕਰ ਸਕਣਗੇ।
ਇਸ ਤੋਂ ਇਲਾਵਾ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਚਲ ਰਹੇ ਤਜਰਬਿਆਂ, ਪ੍ਰਦਰਸ਼ਨੀਆਂ ਆਦਿ ਦੀ ਜਾਣਕਾਰੀ ਮਾਹਿਰਾਂ ਦੁਆਰਾ ਬਣਾਈਆਂ ਵੀਡਿਉ ਕਲਿੱਪਾਂ ਰਾਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਉਪਲਬਧ ਹੋਵੇਗੀ।
ਇਸ ਮੇਲੇ ਦੌਰਾਨ ਖੇਤਰ ਵਿੱਚ “ਗੰਨੇ ਅਤੇ ਗਰਮ ਰੁੱਤ ਦੀਆਂ ਦਾਲਾਂ ਦੀ ਸਫਲ ਕਾਸ਼ਤ” ਅਤੇ “ਨਵੇਂ ਅਤੇ ਪੁਰਾਣੇ ਫਲਦਾਰ ਬਾਗਾਂ ਦੀ ਸੰਭਾਲ” ਸੰਬੰਧੀ ਵਿਸ਼ਿਆਂ ਤੇ ਮਾਹਿਰਾਂ ਨਾਲ ਗੋਸ਼ਟੀ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਵਿੱਚ ਕਿਸਾਨ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਨਲਾਇਨ ਸਵਾਲ ਜਵਾਬ ਕਰ ਸਕਣਗੇ। ਕਿਸਾਨਾਂ ਨੂੰ ਮੇਲੇ ਤੋਂ ਭਰਪੂਰ ਫਾਇਦਾ ਲੈਣ ਲਈ ਇੰਟਰਨੈਟ ਮਾਧਿਅਮ ਨਾਲ ਜੁੜਨ ਦੀ ਅਪੀਲ ਕੀਤੀ ਜਾਂਦੀ ਹੈ।
ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਇੰਟਰਨੱੈਟ ਮਾਧਿਅਮ ਰਾਹੀਂ ਕਿਸਾਨ ਮੇਲੇ ਨਾਲ ਜੁੜਨ ਲਈ ਮੋਬਾਇਲ ਰਾਹੀਂ www.kisanmelagsp.pau.edu qy ਕਲਿੱਕ ਕਰ ਕੇ ਮੇਲੇ ਦਾ ਹਿੱਸਾ ਬਣਨ।