ਗੁਰਦਾਸਪੁਰ, 6 ਅਪ੍ਰੈਲ (ਅੰਸ਼ੂ ਸ਼ਰਮਾ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜ: ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2020 ਨੂੰ ਲੁਕਵੇਂ ਢੰਗ ਨਾਲ ਲਾਗੂ ਕਰਕੇ ਚਿੱਪ ਵਾਲੇ ਸਮਾਰਟ ਮੀਟਰ ਲਾਉਣ ਦੇ ਰਾਜਾਂ ਨੂੰ ਫੁਰਮਾਨ ਜਾਰੀ ਕਰ ਰਹੀ ਹੈ। ਇਸ ਤਰ੍ਹਾਂ ਹੁਕਮ ਪੰਜਾਬ ਸਰਕਾਰ ਨੂੰ ਵੀ ਆ ਚੁੱਕਾ ਹੈ। ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਚਿੱਪ ਵਾਲੇ ਮੀਟਰ ਲਗਾਉਣ ਨੂੰ ਬਿਜਲੀ ਵਿਭਾਗ ਦੀ ਪੂਰੀ ਤਰ੍ਹਾਂ ਨਿੱਜੀਕਰਨ ਕਰਨ ਦਾ ਹਿੱਸਾ ਸਮਝਦੇ ਹੋਏ ਪੰਜਾਬ ਭਰ ਵਿਚ ਚਿੱਪ ਵਾਲੇ ਸਮਾਰਟ ਮੀਟਰ ਪਿੰਡਾਂ ਵਿਚ ਨਹੀਂ ਲੱਗਣ ਦੇਣਗੇ ਤੇ ਮੀਟਰ ਲਗਾਉਣ ਵਾਲੇ ਅਧਿਕਾਰੀਆਂ ਦੇ ਪਿੰਡਾਂ ਚ ਘਿਰਾਓ ਕੀਤੇ ਜਾਣਗੇ ਤੇ ਇਹ ਘਿਰਾਓ ਲਗਾਤਾਰ ਚੱਲ ਰਹੇ ਹਨ। ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਚੋਣ ਵਾਅਦੇ ਅਨੁਸਾਰ ਸਾਰੇ ਖਪਤਕਾਰਾਂ ਨੂੰ 300 ਯੂਨਿਟ ਮੁਆਫੀ ਦੇਣ ਦਾ ਪ੍ਰਬੰਧ ਕਰੇ ਤੇ ਚੰਨੀ ਸਰਕਾਰ ਵੱਲੋਂ ਕੀਤੀ ਬਿਜਲੀ ਦਰਾਂ ਵਿੱਚ ਕਟੌਤੀ ਜਾਰੀ ਰੱਖੀ ਜਾਵੇ ਤੇ ਵਧਾਈਆਂ ਹੋਈਆਂ ਦਰਾਂ ਰੱਦ ਕੀਤੀਆਂ ਜਾਣ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿੱਪ ਵਾਲੇ ਮੀਟਰ ਲਗਾਉਣ ਦਾ ਫ਼ੈਸਲਾ ਵਾਪਸ ਕਰਨ ਤੇ ਲੋਕਾਂ ਨਾਲ ਕੀਤੀਆਂ 10 ਗਰੰਟੀਆਂ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਤੇ ਪੰਜਾਬ ਦੀ ਜਨਤਾ ਨੂੰ ਨਿੱਜੀਕਰਨ ਤੇ ਮਹਿੰਗਾਈ ਖ਼ਿਲਾਫ਼ ਲਹੂ ਵੀਟਵੇਂ ਸੰਘਰਸ਼ ਲੜਨ ਲਈ ਮੈਦਾਨ ਵਿੱਚ ਆਉਣ ਦੀ ਅਪੀਲ ਕੀਤੀ।🖍️🖍️🖍️🖍️ ਬਲਜਿੰਦਰ ਤਲਵੰਡੀ, ਪੰਨੂ ਲੋਹੁਕਾ