ਗੁਰਦਾਸਪੁਰ 30 ਅਪ੍ਰੈਲ ((ਅੰਸ਼ੂ ਸ਼ਰਮਾ) – 27 ਅਪ੍ਰੈਲ ਤੋਂ 30 ਅਪ੍ਰੈਲ ਤੱਕ ਬੰਗਲੋਰ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਖੇਡਾਂ ਵਿਚ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ ਦੇ ਜੂਡੋ ਖਿਡਾਰੀ ਗੁਰਪ੍ਰੀਤ ਸਿੰਘ ਵਰਸੋਲਾ ਨੇ 73 ਕਿਲੋ ਭਾਰ ਵਰਗ ਵਿੱਚ ਕਾਂਸ਼ੀ ਤਮਗਾ ਜਿੱਤਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਹੈ। ਗੁਰਪ੍ਰੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਇਕੋ ਇੱਕ ਜੂਡੋ ਖਿਡਾਰੀ ਸੀ ਜਿਸ ਨੇ ਇਸ ਵੱਕਾਰੀ ਖੇਡਾਂ ਵਿਚ ਹਿੱਸਾ ਲਿਆ ਹੈ। ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਜੂਡੋ ਕੋਚ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰੋਨਾ ਸੰਕਟ ਦੇ ਦੌਰਾਨ ਲੰਮੇ ਸਮੇਂ ਤੋਂ ਖੇਡ ਮੁਕਾਬਲਿਆਂ ਤੋਂ ਬਾਹਰ ਰਹੇ ਗੁਰਪ੍ਰੀਤ ਸਿੰਘ ਦਾ ਰਾਸ਼ਟਰੀ ਪੱਧਰ ਦਾ ਇਹ ਪਹਿਲਾ ਮੁਕਾਬਲਾ ਸੀ ਜਿਸ ਵਿੱਚ ਪਹਿਲੀ ਵਾਰ ਮੈਡਲ ਜਿੱਤਣ ਵਿਚ ਕਾਮਯਾਬੀ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ। ਸਰਦਾਰ ਮਲੂਕ ਸਿੰਘ ਵਰਸੋਲਾ ਅਤੇ ਜਸਵਿੰਦਰ ਕੌਰ ਦੇ ਨੌਜਵਾਨ ਪੁੱਤਰ ਨੇ ਮੈਡਲ ਜਿਤਕੇ ਇਲਾਕੇ ਦੇ ਸੀਨੀਅਰ ਜੂਡੋ ਖਿਡਾਰੀਆਂ ਦੀ ਸ਼ਾਨਦਾਰ ਰਿਵਾਇਤਾਂ ਨੂੰ ਅੱਗੇ ਵਧਾਉਣ ਵਿਚ ਸਫਲਤਾ ਹਾਸਲ ਕੀਤੀ ਹੈ । ਜੂਡੋ ਕੋਚ ਰਵੀ ਕੁਮਾਰ ਨੇ ਗੁਰਪ੍ਰੀਤ ਸਿੰਘ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਜਲਦੀ ਹੀ ਇਹ ਖਿਡਾਰੀ ਭਾਰਤ ਦੀ ਜੂਡੋ ਟੀਮ ਵਿਚ ਜਗਾਹ ਬਣਾ ਕੇ ਪੰਜਾਬ ਦਾ ਨਾਮ ਰੌਸ਼ਨ ਕਰੇਗਾ। ਗੁਰਦਾਸਪੁਰ ਜੂਡੋਕਾ ਵੈਲਫੇਅਰ ਸੋਸਾਇਟੀ ਦੇ ਜਰਨਲ ਸਕੱਤਰ ਸਤੀਸ਼ ਕੁਮਾਰ, ਵਿਤ ਸਕੱਤਰ ਬਲਵਿੰਦਰ ਕੌਰ ਰਾਵਲਪਿੰਡੀ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਪ੍ਰਿੰਸੀਪਲ ਕੁਲਵੰਤ ਸਿੰਘ, ਨਵੀਨ ਸਲਗੋਤਰਾ, ਗਗਨਦੀਪ ਸਿੰਘ ਭੋਲਾ, ਨੇ ਖਿਡਾਰੀ ਦੇ ਕੋਚ, ਮਾਪਿਆਂ ਨੂੰ ਵਧਾਈ ਦਿੰਦਿਆਂ ਆਸ ਪਰਗਟ ਕੀਤੀ ਹੈ ਕਿ ਗੁਰਪ੍ਰੀਤ ਸਿੰਘ ਜਲਦੀ ਹੀ ਹੋਰ ਮੈਡਲ ਜਿਤਕੇ ਦੇਸ਼ ਦਾ ਨਾਮ ਰੌਸ਼ਨ ਕਰੇਗਾ।