ਗੁਰਦਾਸਪੁਰ, 1 ਮਈ (ਅੰਸ਼ੂ ਸ਼ਰਮਾ) – ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਵੱਲੋਂ ਲੇਬਰ ਚੌਂਕ ਗੁਰਦਾਸਪੁਰ ਵਿਖੇ ਮਨਾਇਆ ਗਿਆ 136ਵਾਂ ਮਈ ਦਿਵਸ (ਲੇਬਰ ਡੇਅ) । ਕੇਂਦਰ ਸਰਕਾਰ ਕਿਰਤ ਕਨੂੰਨਾਂ’ ਚ ਸੋਧਾਂ ਕਰਕੇ ਸਰਮਾਏਦਾਰਾਂ ਦੇ ਪੱਖ ਵਿੱਚ ਭੁਗਤੀ। ਪੰਜਾਬ ਅਤੇ ਕੇਂਦਰ ਸਰਕਾਰ ਦੋਨੋਂ ਮਹਿਗਾਈ ਦੀਆਂ ਜਿੰਮੇਵਾਰ। ਮਜ਼ਦੂਰਾਂ ਨੂੰ ਨਹੀਂ ਦਿੱਤੀ ਜਾ ਰਹੀ ਕੋਈ ਰਾਹਤ। ਮਜ਼ਦੂਰ ਵਰਗ ਹੈ ਡਾਹਢਾ ਪ੍ਰਸਾਨ।
ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ( ਇਫਟੂ) ਵੱਲੋ ਲੇਬਰ ਚੌਂਕ ਗੁਰਦਾਸਪੁਰ ਵਿਖੇ 136ਵਾਂ ਮੲਈ ਦਿਵਸ ਮਨਾਇਆ ਗਿਆ । ਜਿਸ ਵਿੱਚ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕਾਮਰੇਡ ਰਮੇਸ਼ ਰਾਣਾ ਨੇ ਕਿਹਾ ਕਿ 1886 ਦੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਡੇ ਲਈ ਅੱਠ ਘੰਟੇ ਦੀ ਦਿਹਾੜੀ ਦਾ ਕਨੂੰਨ ਲਾਗੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਲੜਾਈ ਪੂੰਜੀਵਾਦ ਅਤੇ ਸਮਾਜਵਾਦ ਵਿਚਕਾਰ ਸੀ ਜੋ ਹੁਣ ਵੀ ਜਾਰੀ ਹੈ। ਪੂਜੀਵਾਦ ਬਹੁਗਿਣਤੀ ਲੋਕਾਂ ਦੀ ਗ਼ਰੀਬੀ ਦਾ ਕਾਰਣ ਬਣ ਰਿਹਾ ਹੈ, ਜਿਸ ਕਾਰਨ ਸਮਾਜ ਵਿਚ ਬੇਰੋਜ਼ਗਾਰੀ ਅਤੇ ਅਸਮਾਨਤਾਵਾਂ ਵਧ ਰਹੀਆਂ ਹਨ। ਕੇਂਦਰ ਸਰਕਾਰ ਅਮੀਰਾਂ ਦੇ ਇੱਕ ਵਰਗ ਦਾ ਖਜ਼ਾਨਾ ਭਰਨਾ ਚਾਹੁੰਦੀ ਹੈ। ਏਸੇ ਕਰਕੇ ਕਿਰਤ ਕਨੂੰਨਾਂ ‘ਚ ਸੋਧਾਂ ਕੀਤੀਆਂ ਗਈਆਂ ਹਨ।ਸਾਰੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੲਈ ਦਿਵਸ ਉਸ ਸਮੇਂ ਆਇਆ ਹੈ ਜਦੋਂ ਡੀਜ਼ਲ, ਪੈਟਰੋਲ, ਗੈਸ ਅਤੇ ਹੋਰ ਰੋਜ਼ਮਰਾ ਦੀਆਂ ਵਧਦੀਆਂ ਕੀਮਤਾਂ ਨੇ ਮਜ਼ਦੂਰ ਵਰਗ ਅਤੇ ਹੋਰ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇਲ ਦੀਆਂ ਕੀਮਤਾਂ ਨੂੰ ਘੱਟ ਕਰੇ ਕੀਮਤਾਂ ਦੇ ਵਾਧੇ ਤੇ ਲਗਾਮ ਲਾਵੇ। ਯੂਕਰੇਨ ਅਤੇ ਰੂਸ ਦੀ ਲੜਾਈ ਬਾਰੇ ਇਫਟੂ ਦੇ ਦਫਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ ਨੇ ਕਿਹਾ ਕਿ ਇਹ ਸਾਮਰਾਜੀਆਂ ਦੀ ਚੌਧਰ ਦੀ ਲੜਾਈ ਦਾ ਸਿੱਟਾ ਹੈ। ਇਹ ਲੜਾਈ ਦੁਨੀਆਂ ਦੀ ਸ਼ਾਂਤੀ ਲਈ ਖ਼ਤਰਾ ਹੈ।ਇਹ ਹਰ ਹਾਲਤ ਵਿੱਚ ਖ਼ਤਮ ਹੋਣੀਂ ਚਾਹੀਦੀ ਹੈ। ਸੁਰੱਖਿਆ ਸਮਝੌਤਾ ਨਾਟੋ ਵੀ ਖ਼ਤਮ ਹੋਣਾਂ ਚਾਹੀਦਾ ਹੈ।
ਇਫਟੂ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ ਅਤੇ ਜ਼ਿਲਾ ਆਗੂ ਸੁਖਦੇਵ ਰਾਜ ਬਹਿਰਾਮਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਨਿਰਵਿਘਨ ਬਿਜਲੀ ਦੇਣ ਦਾ ਵਾਅਦਾ ਕਰਕੇ ਆਪਣੇ ਵਾਅਦੇ ਤੋਂ ਮੁਕਰ ਗਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰਸਾਨ ਹੋ ਚੁਕੇ ਹਨ,ਪਰ ਉਨ੍ਹਾਂ ਵਾਸਤੇ ਕੋਈ ਰਾਹਤ ਦਾ ਐਲਾਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਉਸਾਰੀ ਭਲਾਈ ਬੋਰਡ ਵਿੱਚ ਲਗ-ਭਗ ਬਾਰਾਂ ਸੌ ਕਰੋੜ ਰੁਪਏ ਜਮ੍ਹਾਂ ਹਨ।ਜੋ ਰਜਿਸਟਰਡ ਕਿਰਤੀਆਂ ਨੂੰ ਵੱਖ -ਵੱਖ ਸਕੀਮਾਂ ਲਈ ਦਿੱਤੇ ਜਾਣੇਂ ਹਨ ਪਰ ਕਿਰਤ ਮਹਿਕਮੇ ਵੱਲੋਂ ਮਜ਼ਦੂਰਾਂ ਦੀਆਂ ਸਕੀਮਾਂ ਦੇ ਫਾਰਮਾਂ ਤੇ ਇਤਰਾਜ਼ ਲਗਾ ਕੇ ਕੈਂਸਲ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ ਕੋਈ ਵੀ ਲਾਭ ਨਹੀਂ ਮਿਲ ਰਿਹਾ।ਇਹ ਸਰਕਾਰ ਵੀ ਮਜ਼ਦੂਰਾਂ ਦੇ ਮਸਲਿਆਂ ਸਬੰਧੀ ਗੰਭੀਰ ਨਹੀਂ ਹੈ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਨੂੰ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਸੁਰਿੰਦਰ ਕੁਮਾਰ, ਜਤਿੰਦਰ ਬਿੱਟੂ ਈਸਾਪੁਰ, ਕੁਲਵੰਤ ਰਾਏ, ਬਾਬਾ ਪਰਮਜੀਤ,ਹਰਜਿੰਦਰ ਸਿੰਘ ਘੁਲਾ, ਬਲਵਿੰਦਰ ਸਿੰਘ ਬੱਬਰੀ, ਗੁਰਮੀਤ ਰਾਜ , ਮਹਿੰਦਰ ਪਾਲ ,ਸੱਤ ਪਾਲ, ਰਾਜ ਕੁਮਾਰ,ਬੋਧ ਰਾਜ, ਬਲਵਿੰਦਰ ਕੁਮਾਰ,ਸੁਨੀਲ ਕੁਮਾਰ, ਫ਼ਕੀਰ ਚੰਦ ਅਤੇ ਅਸ਼ੋਕ ਕੁਮਾਰ ਹਾਜ਼ਰ ਸਨ।