ਚੰਡੀਗੜ੍ਹ: ਪੰਜ ਕਿਲੋ ਰੇਤ ਦੇ ਮਾਮਲੇ ‘ਚ ਐਫਆਈਆਰ ਦਰਜ ਹੋਣ ਤੋਂ ਬਾਅਦ ਤੇ ਸੂਬੇ ਭਰ ‘ਚ ਸੁਰਖੀਆਂ ‘ਚ ਆਉਣ ਤੋਂ ਬਾਅਦ ਇਸ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ ਕਿਉਂਕਿ ਪੀੜਤ ਕਿਸਾਨ ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਝੂਠੀ ਐਫਆਈਆਰ ਦਰਜ ਕਰਕੇ ਉਸ ਦੀ ਇੱਜ਼ਤ ਨੂੰ ਠੇਸ ਪਹੁੰਚਾਈ ਹੈ। ਉਸ ਦਾ ਕਹਿਣਾ ਹੈ ਕਿ ਮੇਰੇ ਵਰਗੇ ਕਈ ਭੋਲੇ-ਭਾਲੇ ਲੋਕਾਂ ਨੂੰ ਸਰਕਾਰ ਤੇ ਪੁਲਿਸ ਦੀ ਝੂਠੀ ਸ਼ਹਿ ‘ਤੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਦਕਿ ਰੇਤ ਮਾਫੀਆ ਬੇਖੌਫ ਰੇਤ ਦਾ ਨਾਜਾਇਜ਼ ਕਾਰੋਬਾਰ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਸਿਰਫ਼ ਡੇਢ ਏਕੜ ਜ਼ਮੀਨ ਦਾ ਮਾਲਕ ਹੈ। ਕਿਸਾਨ ਦਾ ਕਹਿਣਾ ਹੈ ਕਿ ਬੀਤੀ 2 ਮਈ ਨੂੰ ਜਦੋਂ ਉਹ ਆਪਣੇ ਖੇਤਾਂ ਵਿੱਚ ਚਾਰਾ ਲੈਣ ਗਿਆ ਤਾਂ ਪਿੰਡ ‘ਚ ਬਾਗੀਚਾ ਸਿੰਘ ਦੇ ਗੰਨੇ ਦੇ ਖੇਤਾਂ ਵਿੱਚ ਲੱਗੀ ਅੱਗ ਦਾ ਮੁਆਇਨਾ ਕਰਨ ਉਪਰੰਤ ਉਸ ਦੇ ਆਪਣੇ ਪਿੰਡ ਜਦੋਂ ਪੁਲਿਸ ਪਾਰਟੀ ਵਾਪਸ ਪਰਤ ਰਹੀ ਸੀ ਤਾਂ ਉਹ ਰਸਤੇ ਵਿੱਚ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਪੁਲਿਸ ਪਾਰਟੀ ਨੇ ਕਿਹਾ ਕਿ ਤੁਸੀਂ ਰੇਤ ਦਾ ਨਾਜਾਇਜ਼ ਕੰਮ ਕਰਦੇ ਹੋ, ਇਸ ਲਈ ਤੁਸੀਂ ਸਾਡੇ ਨਾਲ ਚੱਲੋ। ਇਹ ਕਹਿ ਕੇ ਪੁਲਿਸ ਪਾਰਟੀ ਉਸ ਨੂੰ ਜਲਾਲਾਬਾਦ ਥਾਣਾ ਸਦਰ ਲੈ ਕੇ ਆਈ ਤੇ 3 ਮਈ ਨੂੰ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਦਕਿ 5 ਮਈ ਨੂੰ ਉਸ ਦੀ ਜ਼ਮਾਨਤ ਹੋ ਗਈ। ਉਸ ਨੇ ਦੱਸਿਆ ਕਿ ਪੁਲਿਸ ਵੱਲੋਂ ਮਨਘੜਤ ਕਹਾਣੀ ਬਣਾ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਕਿਸਾਨ ਨੇ ਕਿਹਾ ਕਿ ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਰੱਸੀ, ਟੋਕਰੀ ਤੇ 100 ਰੁਪਏ ਦੀ ਨਕਦੀ ਦਿਖਾਈ ਗਈ ਹੈ। ਅਜਿਹਾ ਕੁਝ ਵੀ ਨਹੀਂ। ਉਹ ਆਪਣੇ ਸਾਈਕਲ ’ਤੇ ਹੀ ਖੇਤਾਂ ’ਚ ਗਿਆ ਤਾਂ ਉਸ ਸਮੇਂ ਉਸ ਦੇ ਖੇਤ ਵਿੱਚ ਕੋਈ ਟਰੈਕਟਰ ਟਰਾਲੀ ਜਾਂ ਟਿੱਪਰ ਮੌਜੂਦ ਨਹੀਂ ਸੀ। ਉਧਰ, ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਤਨਾਮ ਦਾਸ ਦਾ ਕਹਿਣਾ ਹੈ ਕਿ ਕ੍ਰਿਸ਼ਨ ਸਿੰਘ ਆਪਣੇ ਖੇਤ ਵਿੱਚੋਂ ਰੇਤਾ ਲਿਆ ਕੇ ਵੇਚਦਾ ਸੀ। ਇਸ ਲਈ ਕ੍ਰਿਸ਼ਨ ਸਿੰਘ ਖ਼ਿਲਾਫ਼ ਰੇਤ ਦੀ ਮਾਈਨਿੰਗ ਦਾ ਕੇਸ ਦਰਜ ਕੀਤਾ ਗਿਆ ਹੈ ਪਰ ਸੈਂਪਲ ਵਜੋਂ 5 ਕਿਲੋ ਰੇਤ ਇਕੱਠੀ ਕੀਤੀ ਗਈ ਸੀ।