ਗੁਰਦਾਸਪੁਰ, 21 ਮਈ ( ਸਿਵਾ) – ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਕੈਦੀਆਂ ਵੱਲੋ ਇੱਕ ਹਵਾਲਾਤੀ ’ਤੇ ਹਮਲਾ ਕਰਕੇ ਉਸ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਵਾਲਾਤੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ਼ ਕੈਦੀ ਗੁਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਨਿਵਾਸੀ ਰਾਜਾਸਾਂਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਪਿਛਲੇ ਡੇਢ ਮਹੀਨੇ ਤੋਂ ਆਮਰਜ ਐਕਟ ਤਹਿਤ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਹਵਾਲਾਤੀ ਦੇ ਤੌਰ ’ਤੇ ਬੰਦ ਹੈ।
ਉਸ ਨੇ ਦੱਸਿਆ ਕਿ ਅੱਜ ਸਾਰੇ ਕੈਦੀ ਬੈਰਕਾਂ ਤੋਂ ਬਾਹਰ ਸਨ ਅਤੇ ਉਹ ਵੀ ਗੁਰਦੁਆਰੇ ਦੇ ਕੋਲ ਖੜਾ ਸੀ। ਉਸ ਸਮੇਂ ਜੇਲ੍ਹ ਵਿੱਚ ਸੱਜਾ ਭੁਗਤ ਰਹੇ ਕਾਲੂ ਗੈਗ ਦੇ ਕੁੱਝ ਸਾਥੀਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ਵਿੱਚ ਤੇਜਧਾਰ ਚੀਜ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਹਵਾਲਾਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਬੈਰਕ ਵਿੱਚ ਭੱਜ ਕੇ ਆਪਣੀ ਜਾਨ ਬਚਾਈ।
ਹਵਾਲਾਤੀ ਨੇ ਜੇਲ੍ਹ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸਨੂੰ ਜੇਲ੍ਹ ਵਿੱਚ ਜਾਨ ਦਾ ਖ਼ਤਰਾ ਹੈ। ਇਸ ਲਈ ਉਸ ਨੂੰ ਕਿਸੇ ਹੋਰ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ। ਦੂਜੇ ਪਾਸੇ ਜਦੋਂ ਹਵਾਲਾਤੀ ਦੇ ਨਾਲ ਪੁੱਜੇ ਜੇਲ੍ਹ ਦੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੁੱਝ ਵੀ ਦੱਸਣ ਤੋਂ ਮਨਾ ਕਰ ਦਿੱਤਾ।













