ਗੁਰਦਾਸਪੁਰ, 22 ਮਈ (ਅੰਸ਼ੂ ਸ਼ਰਮਾ, ਸ਼ਿਵਾ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕੀਤੇ ਜਾਣ ਦਾ ਕਿਸਾਨਾਂ ਵਲੋ ਭਰਵਾਂ ਹਾਂ ਪੱਖੀ ਹੁੰਗਾਰਾ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋ ਤੜਕਸਾਰ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਪਿੰਡਵਾਸੀਆਂ ਨਾਲ ਕੀਤੀਆਂ ਜਾ ਰਹੀਆਂ ਬੈਠਕਾਂ ਤਹਿਤ ਅੱਜ ਬਾਬਾ ਸ੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗਾਹਲੜੀ ਦੇ ਨੇੜਲੇ ਪਿੰਡ ਚਿੱਟੀ ਵਿਖੇ ਕਿਸਾਨ ਜਾਗਰੂਕਤਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਮੋਜੂਦਗੀ ਵਿਚ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵਲੋ ਕਿਸਾਨਾਂ ਦੇ ਝੋਨੇ ਦੀ ਸਿੱਧੀ ਬਿਜਾਈ ਨਾ ਕਰਨ ਦੇ ਤੌਖਲੇ ਦੂਰ ਕੀਤੇ ਤੇ ਪੂਰੀ ਤਸੱਲੀ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਵਿਧੀ ਤੇ ਸਿੱਧੀ ਬਿਜਾਈ ਕਰਨ ਦੇ ਕੀ-ਕੀ ਲਾਭ ਹਨ, ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਰਣਧੀਰ ਠਾਕੁਰ ਖੇਤੀਬਾੜੀ ਅਫਸਰ, ਡਾ ਗੁਰਦੇਵ ਸਿੰਘ, ਸਰਪੰਚ ਕੁਲਵਿੰਦਰ ਸਿੰਘ,ਵਾਹਲਾ ਜੀ, ਬਿਕਰਮਜੀਤ ਸਿੰਘ ਸੀਡੀਪੀਓ ਸਮੇਤ ਪਿੰਡਵਾਸੀ ਮੋਜੂਦ ਸਨ। ਕਰੀਬ ਸਵੇਰੇ 7 ਵਜੇ ਪਿੰਡਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਤਿੰਨ ਮੁੱਖ ਮੁੱਦਿਆਂ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ, ਨਸ਼ਿਆਂ ਨੂੰ ਖਤਮ ਕਰਨ ਸਬੰਧੀ ਤੇ ਲੋਕਾਂ ਦੀਆਂ ਮੁਸ਼ਕਿਲ ਸੁਣਨ ਲਈ ਆਏ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕਰਨ ਅਤੇ ਕਿਸਾਨਾਂ ਦੇ ਮਨਾਂ ਵਿਚ ਜੋ ਸ਼ੰਕੇ ਹਨ, ਉਹ ਦੂਰ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਮਾਹਿਰ ਦੱਸਦੇ ਹਨ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 5000 ਰੁਪਏ ਤਕ ਲੇਬਰ ਬੱਚਦੀ ਹੈ, ਦਵਾਈਆਂ ਘੱਟ ਲੱਗਦੀਆਂ ਹਨ, ਝਾੜ ਵੱਧਦਾ ਹੈ, ਪਾਣੀ ਬੱਚਦਾ ਤੇ ਅਗਲੀ ਬੀਜੀ ਜਾਣ ਵਾਲੀ ਫਸਲ ਦਾ ਝਾੜ ਵੀ ਵੱਧਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਇਸ ਲਈ ਕਿਸਾਨ ਸਮੇਂ ਦੀ ਮੁੱਖ ਲੋੜ ਨੂੰ ਸਮਝਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ ਅਤੇ ਜੇਕਰ ਉਨਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ, ਜਿਸਦਾ ਇਲਾਜ ਸੰਭਵ ਹੈ। ਉਨਾਂ ਲੋਕਾਂ ਨੂੰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੂਚਨਾ ਦੇਣ ਲਈ ਕਿਹਾ ਤਾਂ ਜੋ ਨਸ਼ਿਆਂ ਦੀ ਸਪਲਾਈ ਨੂੰ ਠੱਲ੍ਹ ਪਾਈ ਜਾ ਸਕੇ। ਉਨਾਂ ਦੱਸਿਆ ਕਿ ਨਸ਼ਾ ਪੀੜਤ ਵਿਅਕਤੀ ਆਪਣਾ ਇਲਾਜ ਕਰਵਾ ਸਕਦਾ ਹੈ ਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਕੋਈ ਵੀ ਨਸ਼ਾ ਪੀੜਤ 62391-39973 ਵਟਸਐਪ ਨੰਬਰ ’ਤੇ ਮੈਸੇਜ ਕਰਕੇ ਆਪਣਾ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਲੇ ਅੰਦਰ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਹਾਂਪੱਖੀ ਹੁੰਗਾਰਾ ਭਰਿਆ ਅਤੇ ਨਾਲ ਹੀ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਸਮੇਤ ਸਪਰੇਅ ਵਾਲੀ ਮਸ਼ੀਨ ਪਿੰਡਾਂ ਜਾਂ ਸਹਿਕਾਰੀ ਸੁਸਾਇਟੀਆਂ ਵਿਚ ਵੱਧ ਤੋਂ ਵੱਧ ਉਪਲੱਬਧ ਕਰਵਾਈਆਂ ਜਾਣ। ਮਸ਼ੀਨਰੀ ’ਤੇ ਸਬਸਿਡੀ ਦਿੱਤੀ ਜਾਵੇ। ਇਸ ਮੌਕੇ ਡਾ. ਗੁਰਦੇਵ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ।