ਗੁਰਦਾਸਪੁਰ , 31ਮਈ(ਸ਼ਿਵਾ) – ਬੀਤੇ ਕੱਲ੍ਹ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਉੱਤੇ ਬੀਜੇਪੀ ਦੀ ਸ਼ਹਿ ਤੇ ਹੋਏ ਹਮਲੇ ਦੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਸਖਤ ਲਫਜ਼ਾਂ ਵਿਚ ਨਿੰਦਾ ਕਰਦੀ ਹੈ।
ਇਸ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਹਮਲਾ ਕਰਨ ਵਾਲੇ ਦੀ ਪਹਿਚਾਣ ਭਰਤ ਸ਼ੈਟੀ ਦੇ ਰੂਪ ਵਿੱਚ ਹੋ ਚੁੱਕੀ ਹੈ ਜਿਸ ਦੇ ਕਿ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਕਈ ਮੰਤਰੀਆਂ ਦੇ ਨਾਲ ਸਬੰਧ ਸਾਬਤ ਹੋਏ ਹਨ।ਭਾਰਤੀ ਜਨਤਾ ਪਾਰਟੀ ਅਜਿਹੇ ਹਮਲੇ ਪਹਿਲਾਂ ਵੀ ਕਰਵਾਉਂਦੀ ਰਹੀ ਹੈ ਤੇ ਹੁਣ ਵੀ ਇਹ ਆਪਣੀਆਂ ਕਮੀਆਂ ਛੁਪਾਉਣ ਲਈ ਕਿਸਾਨ ਆਗੂਆਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੀ ਹੈ ਤਾਂ ਜੋ ਕੇਂਦਰ ਦੀ ਬੀਜੇਪੀ ਸਰਕਾਰ ਕਾਰਪੋਰੇਟਾਂ ਦੇ ਕਹਿਣ ਉੱਤੇ ਕਿਸਾਨ ਵਿਰੋਧੀ ਕਾਨੂੰਨ ਥੋਪਦੀ ਰਹੇ।
ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੀ ਕਿਸਾਨ ਆਗੂਆਂ ਦੀ ਸੁਰੱਖਿਆ ਕਰਨ ਵਿਚ ਅਸਫਲ ਰਹੀ ਹੈ ਕਿਉਂਕਿ ਹਮਲਾਵਰਾਂ ਦੇ ਹੱਥ ਵਿੱਚ ਸਿਆਹੀ ਦੀ ਥਾਂ ਤੇ ਪਿਸਟਲ ਜਾਂ ਬੰਬ ਵੀ ਹੋ ਸਕਦਾ ਸੀ ਸੋ ਅਸੀਂ ਮੰਗ ਕਰਦੇ ਹਾਂ ਕਿ ਅਸਫਲ ਰਹੇ ਪ੍ਰਸ਼ਾਸਨਿਕ ਅਧਿਕਾਰੀ,ਸ਼ਹਿ ਦੇਣ ਵਾਲੇ ਅਤੇ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸਾਨ ਆਗੂਆਂ ਦੇ ਉੱਤੇ ਦੁਬਾਰਾ ਅਜਿਹਾ ਹਮਲਾ ਕਰਨ ਦੀ ਕੋਈ ਜੁਰਅਤ ਨਾ ਕਰੇ।
ਭੋਜਰਾਜ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਵੀ ਲਾਅ ਐਂਡ ਆਰਡਰ ਦੀ ਹਾਲਤ ਬਹੁਤ ਮਾੜੀ ਹੈ ਦਿਨ ਰਾਤ ਇੱਥੇ ਕਤਲ ਹੋ ਰਹੇ ਹਨ ਸਰਕਾਰ ਨੂੰ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਮਾੜੇ ਅਨਸਰਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਉਣੀ ਚਾਹੀਦੀ ਹੈ