ਗੁਰਦਾਸਪੁਰ, 5 ਜੂਨ (ਅੰਸ਼ੂ ਸ਼ਰਮਾ)-ਅੱਜ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ( ਇਫਟੂ) ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ ਅਤੇ ਜ਼ਿਲ੍ਹਾ ਦਫ਼ਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ , ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰ ਪਾਲ ਪਨਿਆੜ ਨੇ ਉਸਾਰੀ ਨਾਲ ਸਬੰਧਤ ਰਜਿਸਟਰਡ ਕਿਰਤੀਆਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਰਜਿਸਟਰਡ ਕਿਰਤੀਆਂ ਨੇ ਚਾਰ ਸਾਲ ਪਹਿਲਾਂ ਵੱਖ -ਵੱਖ ਸਕੀਮਾਂ ਅਪਲਾਈ ਕੀਤੀਆਂ ਸਨ, ਜਿਵੇਂ ਪੜਾਈ ਕਰ ਰਹੇ ਬੱਚਿਆਂ ਦੇ ਵਜ਼ੀਫੇ, ਲੜਕੀ ਦੀ ਸ਼ਾਦੀ ਹੋਣ ਤੇ ਸ਼ਗਨ ਸਕੀਮ, ਘਰ ਦੇ ਜੀਅ ਦੀ ਮੌਤ ਹੋਣ ਤੇ ਸੰਸਕਾਰ ਸਕੀਮ,ਲੜਕਾ ਪੈਦਾ ਹੋਣ ਤੇ ਪ੍ਰਸੂਤਾ ਸਕੀਮ, ਲੜਕੀ ਪੈਦਾ ਹੋਣ ਤੇ ਬਾਲੜੀ ਤੋਹਫ਼ਾ ਸਕੀਮ, ਰਜਿਸਟਰਡ ਕਿਰਤੀ ਦੀ ਮੌਤ ਹੋਣ ਤੇ ਐਕਸਗ੍ਰੇਸੀਆ ਸਕੀਮ ਅਤੇ ਹੋਰ ਸਕੀਮਾਂ ਆਦਿ। ਉਨ੍ਹਾਂ ਦੱਸਿਆ ਕਿ ਕਿਰਤੀ ਲੋਕ ਪੈਸਿਆਂ ਦੀ ਉਡੀਕ ਕਰ ਰਹੇ ਹਨ। ਪਰ ਕਿਰਤ ਮਹਿਕਮੇ ਵੱਲੋਂ ਇਨ੍ਹਾਂ ਕਿਰਤੀਆਂ ਦੀਆਂ ਸਕੀਮਾਂ ਤੇ ਇਤਰਾਜ਼ ਲਗਾ ਦਿੱਤੇ ਗਏ ਹਨ। ਜੋ ਚਾਰ ਸਾਲਾਂ ਬਾਅਦ ਠੀਕ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਕਿਰਤ ਵਿਭਾਗ ਮਜ਼ਦੂਰਾਂ ਨੂੰ ਸੇਵਾ ਕੇਂਦਰਾਂ ਵਿੱਚ ਇਤਰਾਜ਼ ਠੀਕ ਕਰਵਾਉਣ ਲਈ ਭੇਜ ਰਿਹਾ ਹੈ। ਲੋਕ ਖੱਜਲ ਖੁਆਰ ਹੋ ਰਹੇ ਹਨ। ਆਗੂਆਂ ਦੱਸਿਆ ਉਨ੍ਹਾਂ ਸੇਵਾ ਕੇਂਦਰਾਂ ਵਿੱਚ ਖੁਦ ਜਾ ਕੇ ਮਜ਼ਦੂਰਾਂ ਦਾ ਹਾਲ ਜਾਣਿਆ ਹੈ।ਇਸ ਸਬੰਧੀ ਪਰਸ਼ੋਤਮ ਲਾਲ ਪਿੰਡ ਫਰੀਦਪੁਰ ਨੇ ਯੂਨੀਅਨ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਕਿ ਉਸ ਦੀ ਬੈਂਕ ਦੀ ਕਾਪੀ ਦੇ ਧੁੰਦਲੇ ਪ੍ਰਿਟ ਕਰਕੇ ਉਸ ਨੂੰ ਪਿਛਲੇ ਛੇ ਮਹੀਨਿਆਂ ਤੋਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਉਸ ਨੇ ਬੈਂਕ ਤੋਂ ਪਾਸ ਬੁਕ ਵੀ ਨਵੀਂ ਬਣਵਾ ਲੲਈ ਹੈ।ਅਜੇ ਤੱਕ ਲੇਬਰ ਮਹਿਕਮਾ ਅਬਜੈਕਸਨ ਠੀਕ ਨਹੀਂ ਕਰ ਰਿਹਾ। ਇਹੀ ਹਾਲ ਜਸਪਾਲ ਚੰਦ ਕਮਾਲਪੁਰ ਦਾ ਪਿਛਲੇ ਪੰਜ ਮਹੀਨਿਆਂ ਤੋਂ ਹੋ ਰਿਹਾ ਹੈ। ਰਤਨ ਮਸੀਹ ਪਿੰਡ ਵਿਰਕ, ਦਰਸ਼ਨ ਮਸੀਹ ਪਿੰਡ ਭੁਲੇਚੱਕ ਅਤੇ ਸਲਾਮਤ ਮਸੀਹ ਨਬੀਪੁਰ ਨੇ ਦੱਸਿਆ ਕਿ ਬੱਚਿਆਂ ਦੇ ਵਜ਼ੀਫੇ ਦੇ ਫ਼ਾਰਮ ਜੋ ਤਿੰਨ ਸਾਲ ਪਹਿਲਾਂ ਅਪਲਾਈ ਕੀਤੇ ਸਨ ਨੂੰ ਠੀਕ ਕਰਵਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਸੇਵਾ ਕੇਂਦਰਾਂ ਦੇ ਚੱਕਰ ਲਗਾ ਰਹੇ ਹਨ,ਪਰ ਅਬਜੈਕਸਨ ਠੀਕ ਨਹੀਂ ਹੋ ਰਹੇ। ਏਸੇ ਤਰ੍ਹਾਂ ਮਨਜੀਤ ਸਿੰਘ ਪਿੰਡ ਚਾਹੀਆ ਜੀ ਓ ਜੀ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਮਜ਼ਦੂਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੀਆਂ ਦੋ ਬੇਟੀਆਂ ਦਾ ਵਜੀਫਾ ਤਿੰਨ ਸਾਲ ਪਹਿਲਾਂ ਲੇਬਰ ਵਿਭਾਗ ਗੁਰਦਾਸਪੁਰ ਨੂੰ ਸੇਵਾ ਕੇਂਦਰ ਰਾਹੀਂ ਆਨਲਾਈਨ ਅਪਲਾਈ ਕੀਤਾ ਸੀ। ਲੇਬਰ ਮਹਿਕਮੇ ਨੇ ਹੁਣ ਫੂਨ ਕਰਕੇ ਦੱਸਿਆ ਹੈ ਕਿ ਤੁਹਾਡੇ ਵੱਲੋਂ ਭੇਜੇ ਗਏ ਫਾਰਮ ਗ਼ਲਤ ਪਾਏ ਗਏ ਹਨ। ਸੇਵਾ ਕੇਂਦਰ ਜਾ ਕੇ ਠੀਕ ਕਰਵਾਉਣ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਇੱਕ ਮਹੀਨੇ ਤੋਂ ਸੇਵਾ ਕੇਂਦਰਾਂ ਅਤੇ ਲੇਬਰ ਵਿਭਾਗ ਵਿਚ ਚੱਕਰ ਲਗਾ ਰਿਹਾ ਹਾਂ ਪਰ ਫਾਰਮ ਠੀਕ ਨਹੀਂ ਹੋ ਰਹੇ। ਇਸ ਤਰ੍ਹਾਂ ਮਜ਼ਦੂਰਾਂ ਦੀ ਹੁੰਦੀ ਖੱਜਲ ਖੁਆਰੀ ਨੂੰ ਵੇਖਦੇ ਹੋਏ। ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਜ਼ਦੂਰਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ। ਨਹੀਂ ਤਾਂ ਜੱਥੇਬੰਦੀ ਦੇ ਆਗੂਆਂ ਨੂੰ ਸ਼ੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।ਇਹ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।