ਚੰਡੀਗੜ੍ਹ, 10 ਜੂਨ :
ਪੰਜਾਬ ਪੁਲਿਸ ਵੱਲੋਂ ਪੰਜਾਬੀ ਗਾਇਕ-ਰੈਪਰ ਅਤੇ ਕਾਂਗਰਸ ਨੇਤਾ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਹੁਣ ਤਕ ਪਛਾਣੇ ਗਏ ਸ਼ਾਰਪ ਸ਼ੂਟਰਾਂ ਵਿੱਚੋਂ ਇਕ ਹਰਕਮਲ ਰਾਣੂ ਨੂੰ ਬਠਿੰਡਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਹਰਕਮਲ ਰਾਣੂਦੀ ਸਿੱਧੂ ਮੂਸੇਵਾਲਾ ਦੇ ਐਤਵਾਰ 29 ਮਈ ਨੂੰ ਮਾਨਸਾ ਦੇ ਪਿੰਡ ਜਵਹਰਕੇ ਵਿੱਚ ਹੋਏ ਕਤਲ ਕਾਂਡ ਵਿੱਚ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ।
ਬਠਿੰਡਾ ਦੇ ਰਹਿਣ ਵਾਲੇ ਰਾਣੂ ਦੇ ਪਰਿਵਾਰ ਅਨੁਸਾਰ ਸ਼ੁੱਕਰਵਾਰ ਨੂੰ ਪਰਿਵਾਰ ਨੇ ਹਰਕਮਲ ਰਾਣੂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।ਇਸ ਕਤਲ ਕੇਸ ਦੇ ਲਾਰੈਂਸ ਬਿਸ਼ਨੋਈ ਦੇ ਨਾਲ ਮਾਸਟਰਮਾਈਂਡ ਮੰਨੇ ਜਾ ਰਹੇ, ਕੈਨੇਡਾ ਵਿੱਚ ਰਹਿ ਰਹੇ ਗੋਲਡੀ ਬਰਾੜ ਲਈ ‘ਰੈਡ ਕਾਰਨਰ ਨੋਟਿਸ’ ਜਾਰੀ ਕਰ ਦਿੱਤੇ ਜਾਣਦੀ ਖ਼ਬਰ ਹੈ।
ਸੀ.ਬੀ.ਆਈ. ਨੇ 2 ਜੂਨ ਨੂੰ ਇੰਟਰਪੋਲ ਨੂੰ ਪੱਤਰ ਲਿਖ਼ਿਆ ਹੈ ਕਿ ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਜਾਵੇ।
ਸਟੂਡੈਂਟ ਵੀਜ਼ ’ਤੇ ਕੈਨੇਡਾ ਗਿਆ ਗੋਲਡੀ ਬਰਾੜ ਮੁੜ ਭਾਰਤ ਵਾਪਸ ਨਹੀਂ ਆਇਆ ਅਤੇ ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਤੋਂ ਬਾਅਦ, ਸਭ ਤੋਂ ਪਹਿਲਾਂ ਉਸਨੇ ਹੀ ਸੋਸ਼ਲ ਮੀਡੀਆ ’ਤੇ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਕ ਪੋਸਟ ਪਾਈ ਸੀ।
ਜਿੱਥੇ ਲਾਰੈਂਸ ਬਿਸ਼ਨੋਈ ਗੈਂਗ ਵਿਦਿਆਰਥੀ ਆਗੂ ਤੋਂ ਅਕਾਲੀ ਨੇਤਾ ਬਣੇ ਵਿੱਕੀ ਮਿੱਡੂਖ਼ੇੜਾ ਦੇ ਕਤਲ ਕਾਂਡ ਦਾ ਬਦਲਾ ਲੈਣਾ ਚਾਹੁੰਦਾ ਸੀ ਉੱਥੇ ਗੋਲਡੀ ਬਰਾੜ ਆਪਣੇ ਭਰਾ ਅਤੇ ਯੂਥ ਕਾਂਗਰਸ ਆਗੂ ਗੁਰਲਾਲ ਬਰਾੜ ਦੀ ਚਿੱਟੇ ਦਿਨੀਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦਾ ਬਦਲਾ ਲੈਣਾ ਚਾਹੁੰਦਾ ਸੀ।