ਐਸ ਏ ਐਸ ਨਗਰ, 10 ਜੂਨ –
ਸ਼੍ਰੀ ਵਿਵੇਕ ਸੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਅਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਥਾਣਾ ਡੇਰਾਬੱਸੀ ਤੋਂ ਇੱਕ ਘਟਨਾ ਦੀ ਸੂਚਨਾ ਮਿਲੀ ਹੈ ਜਿਸ ਵਿਚ ਇਕ ਪ੍ਰਾਪਰਟੀ ਡੀਲਰ ਤੋਂ 1 ਕਰੋੜ ਰੁਪਏ ਲੁੱਟ ਲਏ ਹਨ।
ਉਨ੍ਹਾਂ ਦਸਿਆ ਕਿ ਇਸ ਸਬੰਧੀ ਤਫਤੀਸ਼ ਕਰਨ ‘ਤੇ ਪਤਾ ਲੱਗਾ ਕਿ ਪ੍ਰਾਪਰਟੀ ਡੀਲਰ ਹਰਜੀਤ ਸਿੰਘ ਰਾਮਪਾਲ ਦਾ ਅੱਜ ਮੁਲਜ਼ਮਾਂ ਨਾਲ ਕਾਰੋਬਾਰੀ ਡੀਲ ਸੀ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਮੀਟਿੰਗਾਂ ਕਰ ਰਹੇ ਸਨ ਅਤੇ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਮੀਟਿੰਗ ਹੋਈ ਸੀ। ਮੁਲਜ਼ਮ ਮੀਟਿੰਗ ਵਿੱਚ ਕੁਝ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਆਏ ਸਨ ਅਤੇ ਉਨ੍ਹਾਂ ਕੋਲ ਪਿਸਤੌਲ ਸੀ।
ਉਹ ਪ੍ਰਾਪਰਟੀ ਡੀਲਰ ਤੋਂ 1 ਕਰੋੜ ਰੁਪਏ ਦੀ ਰਕਮ ਖੋਹ ਕੇ ਫਰਾਰ ਹੋ ਗਏ। ਜਦੋਂ ਉਹ ਭੱਜ ਰਹੇ ਸਨ ਤਾਂ ਮੁਹੰਮਦ ਸ਼ਬੀਰ ਨਾਮਕ ਫਲ ਵਿਕਰੇਤਾ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਨ੍ਹਾਂ ਦੱਸਿਆ ਕਿ ਝਗੜੇ ਦੌਰਾਨ ਗੋਲੀ ਚੱਲ ਗਈ ਅਤੇ ਸ਼ਬੀਰ ਦੇ ਸਿਰ ਵਿੱਚ ਸੱਟ ਲੱਗ ਗਈ। ਉਹ ਪੀਜੀਆਈ ਵਿੱਚ ਦਾਖਿਲ ਹੈ ਅਤੇ ਖਤਰੇ ਤੋਂ ਬਾਹਰ ਹੈ।
ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਦੋ ਵਿਅਕਤੀਆਂ ਨੂੰ ਰਾਊਂਡਅਪ ਕੀਤਾ ਗਿਆ ਹੈ। ਧਾਰਾ 307, 397 ਆਈਪੀਸੀ ਤਹਿਤ ਦੋ ਵਿਅਕਤੀਆਂ ਦੇ ਨਾਮ ਅਤੇ ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ 193/22 ਥਾਣਾ ਡੇਰਾਬੱਸੀ ਵਿਖੇ ਦਰਜ ਕੀਤੀ ਗਈ ਹੈ