ਗੁਰਦਾਸਪੁਰ/ ਕਲਾਨੌਰ, 16 ਜੂਨ (ਸਿਵਾ) – ਸਰਹੱਦੀ ਪਿੰਡ ਚੰਦੂ ਵਡਾਲਾ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਸੁਖਜੀਤ ਸਿੰਘ ਨੇ ਦੱਸਿਆ ਕਿ ਦਲਜੀਤ ਕੌਰ ਵਾਸੀ ਚੰਦੂ ਵਡਾਲਾ ਦਾ ਆਪਣੀ ਨੂੰਹ ਅਮਨਦੀਪ ਕੌਰ ਨਾਲ ਜ਼ਮੀਨ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਸੀ। ਅਮਨਦੀਪ ਕੌਰ ਦੇ ਪਹਿਲੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸਨੇ ਜਗਦੀਪ ਸਿੰਘ ਨਾਮ ਦੇ ਵਿਅਕਤੀ ਨਾਲ ਦੂਸਰਾ ਵਿਆਹ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਅਮਨਦੀਪ ਕੌਰ ਵੱਲੋਂ ਜਗਦੀਪ ਸਿੰਘ ਨੂੰ ਨਾਲ ਲੈ ਕੇ ਜ਼ਮੀਨ ਨੂੰ ਵਾਹੁਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਇਨ੍ਹਾਂ ਦਾ ਦਲਜੀਤ ਕੌਰ ਨਾਲ ਝਗੜਾ ਹੋ ਗਿਆ। ਇਸ ਦੌਰਾਨ ਗੋਲੀ ਚੱਲ ਗਈ, ਜੋ ਦਲਜੀਤ ਕੌਰ ਦੇ ਸ਼ਰੀਕੇ ’ਚ ਪੋਤਰੇ ਲੱਗਦੇ ਅਰਸ਼ਦੀਪ ਸਿੰਘ ਦੀ ਲੱਤ ’ਚ ਲੱਗੀ, ਜਿਸਨੂੰ ਇਲਾਜ ਲਈ ਪਹਿਲਾ ਸੀ. ਐੱਚ. ਸੀ. ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਅਰਸ਼ਦੀਪ ਸਿੰਘ ਵਲੋਂ ਜੋ ਵੀ ਬਿਆਨ ਪੁਲਸ ਨੂੰ ਦਰਜ ਕਰਵਾਏ ਜਾਣਗੇ, ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਦੀ ਜਾਵੇਗੀ।