ਚੰਡੀਗੜ੍ਹ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਸੰਗਰੂਰ ਲੋਕ ਸਭਾ ਹਲਕੇ ਦੀ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਵੱਲੋਂ ਲਿਖੇ ਪੱਤਰ ’ਚ ਉਨ੍ਹਾਂ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖ ਪੰਥ, ਪੰਜਾਬ ਤੇ ਪੰਜਾਬੀਅਤ ਲਈ ਘਾਲ਼ੀ ਘਾਲਣਾ ਦਾ ਹਵਾਲਾ ਦਿੱਤਾ ਹੈ। ਹਵਾਰਾ ਨੇ ਕਿਹਾ ਕਿ ਪੰਥ ਤੇ ਕੌਮ ਖਾਤਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਪੁਲਿਸ ਵਿਚਲਾ ਉੱਚ ਅਹੁਦਾ ਵੀ ਤਿਆਗ ਦਿੱਤਾ ਸੀ। ਫਿਰ ਕਈ ਸਾਲ ਜੇਲ੍ਹ ਦੀਆਂ ਕਾਲ਼ ਕੋਠੜੀਆਂ ’ਚ ਵੀ ਰਹੇ। ਉਹ ਕਈ ਵਰ੍ਹਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੱਦੋ-ਜਹਿਦ ਕਰਦੇ ਆ ਰਹੇ ਹਨ। ਭਾਈ ਹਵਾਰਾ ਨੇ ਕਿਹਾ ਕਿ ‘ਸਰਬੱਤ ਖਾਲਸਾ’ ਵੱਲੋਂ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਦਾ ‘ਜਥੇਦਾਰ ਥਾਪਿਆ ਹੋਣ ਕਰਕੇ’ ਉਹ ਆਪਣਾ ਫਰਜ਼ ਸਮਝਦਿਆਂ ਸੰਗਤ ਨੂੰ ਅਪੀਲ ਕਰਦੇ ਹਨ ਕਿ ਉਹ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਨ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਅ ਕੇ ਲੋਕ ਸਭਾ ’ਚ ਭੇਜਿਆ ਜਾਵੇ।