ਉਸਾਰੀ ਨਾਲ ਸਬੰਧਤ ਮਜ਼ਦੂਰ ਤਪਦੀਆਂ ਧੁੱਪਾਂ, ਕਕਰੀਲੀਆਂ ਠੰਡਾਂ ਅਤੇ ਬਹੁਤ ਹੀ ਅਣ ਮਨੁੱਖੀ ਹਲਾਤਾਂ ਵਿੱਚ ਪਲ-ਪਲ ਮੌਤ ਦਾ ਖ਼ਤਰਾ ਸਹੇੜ ਕੇ ਕੰਮ ਕਰਦੇ ਹਨ। ਵੱਡੀ ਗਿਣਤੀ ਵਿੱਚ ਕਿਰਤੀ ਲੋਕ ਕਿਸੇ ਵੀ ਕਿਰਤ ਕਨੂੰਨ ਦਾ ਲਾਭ ਨਹੀਂ ਲੈਂਦੇ ਅਤੇ ਨਾ ਹੀ ਇਨ੍ਹਾਂ ਦੇ ਲੇਬਰ ਕਾਰਡ ਬਣੇ ਹਨ। ਥੋੜ੍ਹੇ ਬਹੁਤੇ ਕਿਰਤੀ ਇਨ੍ਹਾਂ ਕਨੂੰਨਾਂ ਦਾ ਲਾਭ ਲੈ ਵੀ ਰਹੇ ਹਨ। ਕੇਂਦਰ ਸਰਕਾਰ ਵੱਲੋਂ ਕਿਰਤ ਕਨੂੰਨਾਂ ਨੂੰ ਛਾਂਗ ਕੇ ਚਾਰ ਕੋਡਾਂ ਵਿਚ ਪਾਸ ਕਰਕੇ,ਇਹ ਮੁੱਠੀ ਭਰ ਮਜ਼ਦੂਰਾਂ ਨੂੰ ਵੀ ਹੱਥਲ ਕਰਨ ਦੀ ਯੋਜਨਾ ਨੇਪਰੇ ਚੜ੍ਹਾ ਚੁੱਕੀ ਹੈ। 1996 ਵਿੱਚ ਕੇਂਦਰ ਸਰਕਾਰ ਤੋਂ ਪਾਸ ਹੋਇਆ ਕੰਸਟ੍ਰਕਸ਼ਨ ਵਰਕਰਾਂ ਦਾ ਇਹ ਕਨੂੰਨ 2008 ਵਿੱਚ ਪੰਜਾਬ ਸਰਕਾਰ ਨੇ ਲਾਗੂ ਕੀਤਾ। ਅਤੇ 2011 ਵਿੱਚ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਹੋਇਆ। 2016 ਤੱਕ ਪੰਜਾਬ ਵਿੱਚ ਲਗਭਗ ਛੇ ਲੱਖ ਕਿਰਤੀ ਰਜਿਸਟਰਡ ਹੋਏ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ, ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ ਅਤੇ ਇਫਟੂ ਦੇ ਦਫਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ ਨੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ
2017’ਚ ਪੰਜਾਬ ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਦਾ ਸਾਰਾ ਸਿਸਟਮ ਆਨਲਾਈਨ ਕਰ ਦਿੱਤਾ। ਇਹ ਪ੍ਰਕਿਰਿਆ ਜਟਿਲ ਹੋਣ ਕਰਕੇ ਉਸਾਰੀ ਰਜਿਸਟਰਡ ਕਿਰਤੀਆਂ ਦੀ ਗਿਣਤੀ ਘੱਟ ਕੇ ਪੂਰੇ ਪੰਜਾਬ ਵਿੱਚ ਲਗ -ਭਗ ਤਿੰਨ ਲੱਖ ਰਹਿ ਗਈ। ਇਨ੍ਹਾਂ ਸਮਿਆਂ ਦੌਰਾਨ ਜਿਹੜੇ ਰਜਿਸਟਰਡ ਕਿਰਤੀਆਂ ਨੇ ਲਾਭ ਪ੍ਰਾਪਤ ਕਰਨ ਲਈ ਵੱਖ -ਵੱਖ ਸਕੀਮਾਂ ਅਪਲਾਈ ਕੀਤੀਆਂ ਸਨ, ਉਨ੍ਹਾਂ ਨੂੰ ਅਜੇ ਤੱਕ ਕੋਈ ਲਾਭ ਪ੍ਰਾਪਤ ਨਹੀਂ ਹੋਇਆ।
ਜੇਕਰ ਗੁਰਦਾਸਪੁਰ ਜ਼ਿਲ੍ਹੇ ਦੇ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ , ਦੀਨਾਨਗਰ, ਕਲਾਨੌਰ, ਧਾਰੀਵਾਲ, ਕਾਹਨੂੰਵਾਨ ਅਤੇ ਬਹਿਰਾਮਪੁਰ ਹਲਕਿਆਂ ਵਿੱਚ ਲਗਭਗ ਦਸ ਹਜ਼ਾਰ ਤੋਂ ਉੱਪਰ ਰਜਿਸਟਰਡ ਕਿਰਤੀ ਹਨ। ਜਿਨ੍ਹਾਂ ਨੇ ਤਿੰਨ ਚਾਰ ਸਾਲ ਪਹਿਲਾਂ ਲਾਭ ਪ੍ਰਾਪਤ ਕਰਨ ਲਈ ਵੱਖ -ਵੱਖ ਸਕੀਮਾਂ ਅਪਲਾਈ ਕੀਤੀਆਂ ਸਨ ,ਜਿਵੇਂ ਪੜਾਈ ਕਰ ਰਹੇ ਬੱਚਿਆਂ ਲਈ ਵਜ਼ੀਫਾ ਸਕੀਮ, ਲੜਕੀ ਦੀ ਸ਼ਾਦੀ ਹੋਣ ਤੇ ਸ਼ਗਨ ਸਕੀਮ, ਘਰ ਦੇ ਜੀਅ ਦੀ ਮੌਤ ਹੋਣ ਤੇ ਸੰਸਕਾਰ ਸਕੀਮ,ਪ੍ਰਸੂਤਾ ਅਤੇ ਬਾਲੜੀ ਤੋਹਫ਼ਾ ਸਕੀਮ, ਪੈਨਸ਼ਨ ਸਕੀਮ, ਰਜਿਸਟਰਡ ਕਿਰਤੀ ਦੀ ਮੌਤ ਹੋਣ ਤੇ ਐਕਸਗ੍ਰੇਸੀਆ ਸਕੀਮ ਅਤੇ ਹੋਰ ਸਕੀਮਾਂ ਆਦਿ। ਇਹ ਲੋਕ ਪੈਸਿਆਂ ਦੀ ਉਡੀਕ ਕਰ ਰਹੇ ਹਨ ਪਰ ਕਿਰਤ ਮਹਿਕਮੇ ਵੱਲੋਂ ਇਨ੍ਹਾਂ ਦੀਆਂ ਭੇਜੀਆਂ ਸਕੀਮਾਂ ਤੇ ਅਬਜੈਕਸਨ ਲਗਾ ਦਿੱਤੇ ਗਏ ਹਨ।ਕਿਰਤ ਮਹਿਕਮੇ ਵੱਲੋਂ ਇਨ੍ਹਾਂ ਕਿਰਤੀਆਂ ਨੂੰ ਫ਼ੋਨ ਕਰਕੇ ਕਿਹਾ ਜਾ ਰਿਹਾ ਹੈ ਕਿ ਸੇਵਾ ਕੇਂਦਰਾਂ ਵਿੱਚ ਜਾ ਕੇ ਅਬਜੈਕਸਨ ਠੀਕ ਕਰਵਾਉਣ। ਸੇਵਾ ਕੇਂਦਰਾਂ ਵਿੱਚ ਬੈਠੇ ਅਪਰੇਟਰਾਂ ਤੋਂ ਇਹ ਅਬਜੈਕਸਨ ਠੀਕ ਨਹੀਂ ਹੋ ਰਹੇ। ਮਜ਼ਦੂਰ ਪਿਛਲੇ ਦੋ ਮਹੀਨਿਆਂ ਤੋਂ ਦਿਹਾੜੀਆਂ ਛੱਡ ਕੇ ਤੋਂ ਸੇਵਾ ਕੇਂਦਰਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਉਸਾਰੀ ਦੇ ਕੰਮਾਂ ਨਾਲ ਸਬੰਧਤ ਸਮੱਗਰੀ ਮਹਿਗੀ ਹੋਣ ਕਰਕੇ ਅਤੇ ਗਰਮੀ ਦਾ ਪ੍ਰਕੋਪ ਵੱਧਣ ਨਾਲ ਉਸਾਰੀ ਦੇ ਕੰਮ ਬਹੁਤ ਘੱਟ ਚੱਲ ਰਹੇ ਹਨ। ਸੈਂਕੜਿਆਂ ਦੀ ਗਿਣਤੀ ਵਿੱਚ ਮਜ਼ਦੂਰ ਲੇਬਰ ਚੌਂਕ ਵਿੱਚ ਖੜਦੇ ਹਨ ਪਰ ਵੱਡੀ ਗਿਣਤੀ ਵਿੱਚ ਕਿਰਤੀਆਂ ਨੂੰ ਕੰਮ ਨਹੀਂ ਮਿਲ ਰਿਹਾ। ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਜ਼ਦੂਰਾਂ ਨੂੰ ਕੰਮ ਵੀ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਸੇਵਾ ਕੇਂਦਰਾਂ ਵਿੱਚ ਹੋ ਰਹੀ ਖੱਜਲਖੁਆਰੀ ਨੂੰ ਬੰਦ ਕੀਤਾ ਜਾਵੇ। ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਜੱਥੇਬੰਦੀ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।