ਸੰਗਰੂਰ, 19 ਜੂਨ, (ਅੰਸ਼ੂ ਸ਼ਰਮਾ ) –
ਅੱਜ ਸਥਾਨਕ ਬਨਾਸਰ ਬਾਗ਼ ਸੰਗਰੂਰ ਵਿਖੇ ਨੌਜਵਾਨ ਭਾਰਤ ਸਭਾ ਅਤੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮਾਰਚ ਕਰਕੇ “ਅਗਨੀਪੱਥ” ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਆਗੂ ਬਿੱਕਰ ਹੱਥੋਆ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ ਨੇ ਕਿਹਾ ਭਾਰਤ ਸਰਕਾਰ ਵੱਲੋਂ ਫੌਜ ਵਿੱਚ ਕੇਵਲ 4 ਸਾਲ ਭਰਤੀ ਲਈ ਲਿਆਂਦੀ ਅਗਨੀਪੱਥ ਸਕੀਮ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਕੀਤਾ ਕੋਝਾ ਮਜਾਕ ਹੈ।
ਉਹਨਾਂ ਕਿਹਾ ਕੀ ਦੇਸ਼ ਦੇ ਲੱਖਾਂ ਨੌਜਵਾਨ ਫੌਜ ਦੀ ਭਰਤੀ ਲਈ ਦਿਨ ਰਾਤ ਇਕ ਕਰਕੇ ਮਹਿਨਤ ਕਰਦੇ ਹਨ ਪਰ ਇਸ ਤਰ੍ਹਾਂ ਦੀ ਠੇਕਾ ਭਰਤੀ ਨੇ ਉਹਨਾਂ ਨੂੰ ਨਿਰਾਸ ਕੀਤਾ ਹੈ। ਜਿਸ ਕਰਕੇ ਨੌਜਵਾਨ ਵੱਡੀ ਗਿਣਤੀ ਵਿੱਚ ਇਸ ਸਕੀਮ ਦੇ ਵਿਰੋਧ ਵਿੱਚ ਸੜਕਾਂ ਤੇ ਉੱਤਰੇ ਹਨ। ਉਹਨਾਂ ਕਿਹਾ ਕੀ ਪਹਿਲਾ ਹੀ ਦੋ ਸਾਲਾ ਤੋਂ ਸਰੀਰਕ ਪ੍ਰੀਖਿਆ ਪਾਸ ਨੌਜਵਾਨਾਂ ਦੀ ਲਿੱਖਤੀ ਪ੍ਰੀਖਿਆ ਨਾ ਹੋਣ ਕਾਰਨ ਉਹਨਾਂ ਦੀ ਭਰਤੀ ਵਿੱਚ ਦੇਰੀ ਹੋ ਰਹੀ ਸੀ।
ਉਹਨਾਂ ਮੰਗ ਕੀਤੀ ਕੀ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਤੇ ਪਰਚੇ ਦਰਜ ਕਰ ਉਹਨਾਂ ਨੂੰ ਜੇਲ੍ਹ ਵਿੱਚ ਸੁੱਟਣ ਦੀ ਥਾਂ ਉਹਨਾਂ ਲਈ ਵੱਖ ਵੱਖ ਖੇਤਰਾਂ ਵਿੱਚ ਪੱਕੇ ਰੁਜ਼ਗਾਾਰ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਦੋ ਸਾਲਾਂ ਤੋਂ ਰੁਕੀ ਫੌਜ ਦੀ ਭਰਤੀ ਤੁਰੰਤ ਮੁਕੰਮਲ ਕੀਤੀ ਜਾਵੇ।
ਇਸ ਮੌਕੇ ਅਰਸ ਤੋਲੇਵਾਲ, ਹਰਮਨ, ਜਸਵੰਤ ਖੇੜੀ, ਗੁਰਵਿੰਦਰ ਸਾਦੀਹਰੀ ਅਤੇ ਧਰਮਵੀਰ ਹਰੀਗੜ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨ ਸਾਮਲ ਹੋਏ।