ਗੁਰਦਾਸਪੁਰ 7 ਜੁਲਾਈ( ਸ਼ਿਵਾ ) – ਪਿਛਲੇ ਦਿਨੀਂ ਇੱਕ ਦਸਤਾਵੇਜ਼ੀ ਫਿਲਮ ‘ਕਾਲੀ’ ਦਾ ਪੋਸਟਰ ਰਿਲੀਜ਼ ਹੋਇਆ ਸੀ ਜਿਸ ਵਿੱਚ ਮਾਤਾ ਕਾਲੀ ਨੂੰ ਸਿਗਰੇਟ ਪੀਂਦੇ ਦਿਖਾਇਆ ਗਿਆ ਸੀ। ਪੋਸਟਰ ਰਿਲੀਜ਼ ਹੁੰਦਿਆਂ ਹੀ ਕਾਫੀ ਵਿਵਾਦਾਂ ਵਿੱਚ ਫੱਸ ਗਿਆ। ਸੋਸ਼ਲ ਮੀਡੀਆ ‘ਤੇ ਇਸ ਪੋਸਟਰ ਨੂੰ ਦੇਖ ਕੇ ਲੋਕ ਇੰਨੇ ਗੁੱਸੇ ‘ਚ ਆ ਗਏ ਕਿ ਡਾਕੂਮੈਂਟਰੀ ਫਿਲਮ ਦੀ ਨਿਰਦੇਸ਼ਕ ਲੀਨਾ ਦੀ ਗ੍ਰਿਫਤਾਰੀ ਦੀ ਮੰਗ ਉੱਠਣ ਲੱਗੀ। ਹਿੰਦੂ ਸੰਗਠਨ ਸੜਕਾਂ ਤੇ ਆ ਕੇ ਇਸ ਦਾ ਵਿਰੋਧ ਕਰ ਰਹੇ ਹਨ। ਸਨਾਤਨ ਜਾਗਰਣ ਮੰਚ ਨੇ ਵੀ ਇਸ ਪੋਸਟਰ ਦੇ ਖਿਲਾਫ ਲੜਾਈ ਲੜਨ ਲਈ ਕਮਰ ਕੱਸ ਲਈ ਹੈ।
ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਫਿਲਮ ਨੂੰ ਭਾਰਤ ਵਿਚ ਰਿਲੀਜ਼ ਹੋਣ ਦੀ ਇਜ਼ਾਜ਼ਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦਾ ਅਪਮਾਨ ਕੀਤਾ ਗਿਆ ਹੋਵੇ। ਇਹ ਪਹਿਲਾਂ ਵੀ ਬਾਰ-ਬਾਰ ਹੋਇਆ ਹੈ ਅਤੇ ਜਦੋਂ ਤੱਕ ਇਸ ਬਾਰੇ ਕੇਂਦਰ ਸਰਕਾਰ ਕੋਈ ਸਖਤ ਕਦਮ ਨਹੀਂ ਚੁੱਕਦੀ ਉਦੋਂ ਤੱਕ ਅੱਗੇ ਵੀ ਹੁੰਦਾ ਹੀ ਰਹੇਗਾ। ਆਪਣੇ ਫਾਇਦੇ ਲਈ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨਾ ਗੰਭੀਰ ਅਪਰਾਧ ਦੀ ਸ਼੍ਰੇਣੀ ਵਿਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਦੇ ਲਈ ਦੋਸ਼ੀ ਨੂੰ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।
ਸ਼ਰਮਾ ਨੇ ਕਿਹਾ ਕਿ ਇਸ ਵੇਲੇ ਵੈਸੇ ਵੀ ਦੇਸ਼ ਦੇ ਹਾਲਾਤ ਬਹੁਤ ਸੰਵੇਦਨਸ਼ੀਲ ਹਨ। ਖਾਸ ਕਰਕੇ ਹਿੰਦੂਆਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਅਜਿਹੇ ਹਾਲਾਤਾਂ ਵਿੱਚ ਅਜਿਹੇ ਵਿਵਾਦ ਦੇਸ਼ ਨੂੰ ਸੰਪਰਦਾਇਕ ਦੰਗਿਆਂ ਵੱਲ ਲੈ ਕੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਦੇ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਠੋਸ ਕਦਮ ਚੁੱਕ ਕੇ ਫਿਲਮ ਦੀ ਮਹਿਲਾ ਨਿਰਦੇਸ਼ਕ ਨੂੰ ਮਾਫੀ ਮੰਗਣ ਲਈ ਮਜਬੂਰ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਰਵੀ ਮਹਾਜਨ ਦਲਜੀਪ ਸ਼ਰਮਾ ਅਤੇ ਪ੍ਰਮੋਦ ਸ਼ਰਮਾ ਆਦਿ ਵੀ ਹਾਜ਼ਰ ਸਨ।