ਗੁਰਦਾਸਪੁਰ, 8 ਜੁਲਾਈ (ਸ਼ਿਵਾ ) – ਅੱਜ ਇਥੇ ਗੁਰੂ ਨਾਨਕ ਪਾਰਕ ਵਿਖੇ ਸੰਯੁਕਤ ਕਿਸਾਨ ਮੋਰਚੇ ਦਿ ਇਕਾਤਾਰਤਾ ਸੁਖਦੇਵ ਸਿੰਘ ਭਾਗੋਕਾਵਾਂ , ਗੁਰਦੀਪ ਸਿੰਘ ਮੁਸਤਫਾਬਾਦ, ਸਤਿਬੀਰ ਸਿੰਘ ਸੁਲਤਾਨੀ, ਮੱਖਣ ਸਿੰਘ ਕੁਹਾੜ, ਬਲਬੀਰ ਸਿੰਘ ਕੱਤੋਵਾਲ ਅਤੇ ਗੁਰਵਿੰਦਰ ਸਿੰਘ ਜੀਵਨਚੱਕ ਦੀ ਪ੍ਰਧਾਨਗੀ ਹੇਠ ਹੋਈ ਅਤੇ ਰੈਲੀ ਕੀਤੀ ਗਈ । ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਰੈਲੀ ਵਿੱਚ ਬੋਲਦਿਆਂ ਦੀਨਾਨਗਰ ਬਲਾਕ ਦੇ ਪਿੰਡ ਮਿਆਣੀ ਝਮੇਲਾ ਦੇ ਕਰੀਬ 33 ਮੱਛੀ ਫਾਰਮ ਆਬਾਦਕਾਰਾਂ ਨੂੰ ਪ੍ਰਸ਼ਾਸਨ ਵੱਲੋਂ ਉਜਾੜਨ ਦੀ ਨਿਖੇਧੀ ਕਰਦਿਆਂ , ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਇਨ੍ਹਾਂ ਅਬਾਦਕਾਰਾਂ ਨੂੰ ਉਜਾੜਿਆ ਨਹੀਂ ਜਾਵੇਗਾ ਪਰ ਪੰਜਾਬ ਸਰਕਾਰ ਦੇ ਫੈਸਲੇ ਦੇ ਉਲਟ ਪੰਚਾਇਤੀ ਵਿਭਾਗ ਦੇ ਅਧਿਕਾਰੀ ਇਸ ਜ਼ਮੀਨ ਦੀ ਬਾਰ ਬਾਰ ਖੁੱਲ੍ਹੀ ਬੋਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਧਿਕਾਰੀਆਂ ਨੇ 15 ਜੁਲਾਈ ਨੂੰ ਬੋਲੀ ਕਰਾਉਣ ਦਾ ਦੁਬਾਰਾ ਇਸ਼ਤਿਹਾਰ ਦਿੱਤਾ ਹੈ ਜਿਸ ਬੋਲੀ ਨੂੰ ਸੰਯੁਕਤ ਕਿਸਾਨ ਮੋਰਚਾ ਕਦੇਚਿਤ ਸਿਰੇ ਨਹੀਂ ਚੜ੍ਹਨ ਦੇਵੇਗਾ ।ਜੇਕਰ ਅਧਿਕਾਰੀ ਬੋਲੀ ਕਰਵਾਉਣ ਪਹੁੰਚੇ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਉਨ੍ਹਾਂ ਦਾ ਮੌਕੇ ਤੇ ਘਿਰਾਓ ਕਰਨ ਦਾ ਫ਼ੈਸਲਾ ਲਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤੇ ਮੰਗ ਪੱਤਰ ਵਿਚ ਪਹਿਲੀ ਮੰਗ ਰੱਖੀ ਗਈ ਕਿ ਮੱਛੀ ਅਬਾਦਕਾਰਾਂ ਨੂੰ ਸਬੰਧਤ ਮਹਿਕਮਾ ਉਜਾੜਨਾ ਬੰਦ ਕਰੇ ਅਤੇ ਦੂਸਰੀ ਮੰਗ ਵਿੱਚ ਮੋਰਚੇ ਨੇ ਮੰਗ ਕੀਤੀ ਕਿ 28 ਜੂਨ ਨੂੰ ਭਾਟੀਆ ਹਸਪਤਾਲ ਗੁਰਦਾਸਪੁਰ ਵਿਚ ਡਾਕਟਰਾਂ ਦੀ ਗੰਭੀਰ ਅਣਗਹਿਲੀ ਕਾਰਨ ਅਧਿਆਪਕਾ ਪਰਿਮਲਮੀਤ ਕੌਰ ਦੀ ਮੌਤ ਸਬੰਧੀ ਡਾਕਟਰਾਂ ਦੇ ਵਿਰੁੱਧ ਧਾਰਾ 304/34 ਤਹਿਤ ਹੋਏ ਪਰਚੇ ਨੂੰ ਧਾਰਾ 304A ਵਿੱਚ ਬਦਲਣ ਦੀ ਪੜਤਾਲ ਕਾਰਵਾਈ ਜਾਵੇ ਅਤੇ ਇਸ ਮੌਤ ਸਬੰਧੀ ਬਣਾਏ ਗਏ ਮੈਡੀਕਲ ਬੋਰਡ ਦੀ ਜਾਂਚ ਸਮਾਂਬੱਧ ਕੀਤੀ ਜਾਵੇ । ਮੋਰਚੇ ਦੇ ਆਗੂਆਂ ਨੂੰ ਡੀਸੀ ਗੁਰਦਾਸਪੁਰ ਨੇ ਧਾਰਾ ਬਦਲਣ ਸਬੰਧੀ ਐੱਸ ਐੱਸ ਪੀ ਗੁਰਦਾਸਪੁਰ ਤੋਂ ਰਿਪੋਰਟ ਮੰਗਣ ਲਈ ਮੌਕੇ ਤੇ ਭਰੋਸਾ ਦਿੱਤਾ ਅਤੇ ਡਾਕਟਰੀ ਜਾਂਚ ਕਮੇਟੀ ਨੂੰ ਸਮਾਂਬੱਧ ਕਰਨ ਲਈ ਸਿਵਲ ਸਰਜਨ ਨੂੰ ਹਦਾਇਤ ਕੀਤੀ । ਮੱਛੀ ਕਾਸ਼ਤਕਾਰਾਂ ਦੇ ਸਵਾਲ ਉੱਪਰ ਡੀਸੀ ਗੁਰਦਾਸਪੁਰ ਨੇ ਪੰਚਾਇਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਮੰਗ ਪੱਤਰ ਭੇਜਣ ਦਾ ਭਰੋਸਾ ਦਿੱਤਾ ।
ਸੰਯੁਕਤ ਕਿਸਾਨ ਮੋਰਚੇ ਨੇ ਡੀਸੀ ਨੂੰ ਮਿਲਣ ਤੋਂ ਬਾਅਦ ਆਪਣੀ ਮੀਟਿੰਗ ਵਿਚ ਤੈਅ ਕੀਤਾ ਹੈ ਕਿ ਇਨ੍ਹਾਂ ਦੋਨਾਂ ਸਵਾਲਾਂ ਉੱਪਰ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਤਰਲੋਕ ਸਿੰਘ ਬਹਿਰਾਮਪੁਰ, ਕਪੂਰ ਸਿੰਘ ਘੁੰਮਣ, ਬਲਬੀਰ ਸਿੰਘ ਉੱਚਾ ਧਕਾਲਾ, ਸਲੱਖਣ ਸਿੰਘ ਸਾਧੂ ਚੱਕ, ਇਕਬਾਲ ਸਿੰਘ ਸਾਧੂ ਚੱਕ ,ਕੁਲਵੰਤ ਸਿੰਘ ਆਲੇਚੱਕ’ ਰਜਿੰਦਰਪਾਲ ਸਿੰਘ ਆਲੇਚੱਕ , ਸਰਤਾਜ ਸਿੰਘ, ਵਿਸ਼ਾਲ ਨੰਦਾ ਅਤੇ ਹੋਰ ਮੱਛੀ ਕਾਸ਼ਤਕਾਰ ਹਾਜ਼ਰ ਸਨ।