ਅਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਪਾਵਰਕਾਮ ਵੱਲੋਂ ਆਰ.ਆਰ. ਬਾਵਾ ਕਾਲਜ ’ਚ ਬਿਜਲੀ ਮਹਾਂਉਤਸਵ ਮਨਾਇਆ ਗਿਆ
ਬਟਾਲਾ, 28 ਜੁਲਾਈ (ਅਖਿਲ ਮਲਹੋਤਰਾ ) – ਦੇਸ਼ ਦੀ ਅਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਬਿਜਲੀ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੀ ਯੋਗ ਅਗਵਈ ਹੇਠ ਪੀ.ਐੱਸ.ਪੀ.ਸੀ.ਐੱਲ ਅਤੇ ਐੱਸ.ਜੇ.ਵੀ.ਐੱਨ.ਐੱਲ. ਵੱਲੋਂ ਅੱਜ ਬਟਾਲਾ ਦੇ ਆਰ.ਆਰ. ਬਾਵਾ ਡੀ.ਏ.ਵੀ. ਕਾਲਜ (ਲੜਕੀਆਂ) ਵਿਖੇ ‘ਉਜਵਲ ਭਾਰਤ, ਉਜਵਲ ਭਵਿੱਖ’ ਵਿਸ਼ੇ ’ਤੇ ਬਿਜਲੀ ਮਹਾਂਉਤਸਵ ਮਨਾਇਆ ਗਿਆ। ਇਸ ਮਹਾਂਉਤਵ ਵਿੱਚ ਪਾਵਰਕਾਮ ਦੇ ਬਾਰਡਰ ਜੋਨ ਦੇ ਚੀਫ ਇੰਜੀਨੀਅਰ ਬਾਲ ਕ੍ਰਿਸ਼ਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਪਾਵਰਕਾਰ ਦੇ ਐੱਸ.ਈ. ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ, ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਐਕਸੀਅਨ ਜਗਜੋਤ ਸਿੰਘ ਬਾਜਵਾ, ਐਕਸੀਅਨ ਮੋਹਤਮ ਸਿੰਘ, ਐਕਸੀਅਨ ਕੁਲਦੀਪ ਸਿੰਘ ਐਕਸੀਅਨ ਸਰਬਜੀਤ ਸਿੰਘ, ਐੱਸ.ਜੇ.ਵੀ.ਐੱਨ.ਐੱਲ ਸ਼ਿਮਲਾ ਦੇ ਡੀ.ਜੀ.ਐੱਮ ਇੰਜੀਨੀਅਰ ਅਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕਿਸਾਨ 15 ਸਤੰਬਰ 2022 ਤੱਕ ਆਪਣੇ ਟਿਊਬਵੈਲਾਂ ਦਾ ਲੋਡ ਵਧਾ ਸਕਦੇ ਹਨ – ਚੀਫ ਇੰਜੀਨੀਅਰ
ਬਿਜਲੀ ਮਹਾਂਉਤਸਵ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪਾਵਰਕਾਮ ਦੇ ਬਾਰਡਰ ਜੋਨ ਦੇ ਚੀਫ ਇੰਜੀਨੀਅਰ ਬਾਲ ਕ੍ਰਿਸ਼ਨ ਨੇ ਕਿਹਾ ਕਿ ਪਾਵਰਕਾਮ ਆਪਣੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਲਗਾਤਾਰ ਬਿਜਲੀ ਸਪਲਾਈ ਵਿਚ ਸੁਧਾਰਾਂ ਉਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਨੂੰ ਆਪਣੇ ਟਿਊਬਵੈਲਾਂ ਦਾ ਲੋਡ ਵਧਾਉਣ ਲਈ ਵਾਧੂ ਸਮਾਂ ਦਿੱਤਾ ਗਿਆ ਹੈ, ਜਿਸ ਤਹਿਤ ਕਿਸਾਨ 15 ਸਤੰਬਰ ਤੱਕ ਕੇਵਲ 2750 ਰੁਪਏ ਫੀਸ ਪ੍ਰਤੀ ਹਾਰਸ ਪਾਵਰ ਦੇ ਕੇ ਆਪਣਾ ਲੋਡ ਵਧਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਫੀਸ 4750 ਰੁਪਏ ਪ੍ਰਤੀ ਹਾਰਸ ਪਾਵਰ ਸੀ, ਜੋ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ 2000 ਰੁਪਏ ਪ੍ਰਤੀ ਹਾਰਸ ਪਾਵਰ ਘੱਟ ਕਰ ਦਿੱਤੀ ਹੈ।
ਐੱਸ.ਈ. ਪਾਵਰਕਾਮ ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਯੋਜਨਾ ਤਹਿਤ ਪਹਿਲਾਂ ਹੀ ਬਿਜਲੀ ਸਪਲਾਈ ਵਿਚ ਸੁਧਾਰ ਉਤੇ 220 ਕਰੋੜ ਰੁਪਏ ਅਤੇ 5000 ਤੋਂ ਵੱਧ ਅਬਾਦੀ ਵਾਲੇ ਕਸਬਿਆਂ ਵਿਚ 360 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨਾਂ ਕਿਹਾ ਕਿ ਮਾਨ ਸਰਕਾਰ ਨੇ 600 ਯੂਨਿਟ ਹਰ ਘਰ ਨੂੰ ਮੁਆਫ਼ ਕੀਤੇ ਹਨ, ਜੋ ਕਿ ਹਰ ਘਰ ਦੀ ਲੋੜ ਪੂਰੀ ਕਰ ਸਕਦੇ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ (ਰਜਿੰਦਰਾ ਫਾਊਂਡਰੀ) ਨੇ ਵੀ ਆਪਣੇ ਸੰਬੋਧਨ ਵਿੱਚ 300 ਯੂਨਿਟ ਪ੍ਰਤੀ ਮਹੀਨਾਂ ਮੁਆਫ਼ ਕਰਨ ’ਤੇ ਮਾਨ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਖਪਤਕਾਰਾਂ ਦਾ ਹੁਣ ਜ਼ੀਰੋ ਬਿਜਲੀ ਬਿੱਲ ਆਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਕਰਕੇ ਗਰੀਬ ਤੇ ਮੱਧ ਵਰਗ ਨੂੰ ਵੱਡੀ ਸਹੂਲਤ ਦਿੱਤੀ ਹੈ।
ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਪਾਵਰਕਾਮ ਤੇ ਜੰਗਲਾਤ ਵਿਭਾਗ ਵੱਲੋਂ ਆਏ ਹੋਏ ਸਾਰੇ ਵਿਅਕਤੀਆਂ ਨੂੰ ਆਪਣੇ ਘਰਾਂ ਵਿੱਚ ਲਗਾਉਣ ਲਈ ਇੱਕ-ਇੱਕ ਪੌਦਾ ਵੀ ਦਿੱਤਾ ਗਿਆ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਸੁਖਜਿੰਦਰ ਸਿੰਘ (ਰਜਿੰਦਰਾ ਫਾਊਂਡਰੀ ਵਾਲੇ), ਮਨਜੀਤ ਸਿੰਘ ਭੁੱਲਰ, ਯਸਪਾਲ ਚੌਹਾਨ, ਰਾਕੇਸ਼ ਤੁੱਲੀ, ਸੁਖਵਿੰਦਰ ਸਿੰਘ ਧੁੱਪਸੜੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।