ਜੋਬਨ ਰੁੱਤੇ ਤੁਰਿਆ ਲੋਕੇਸ਼ ਰਿਸ਼ੀ…
ਬਟਾਲਾ ਸ਼ਹਿਰ ਦੀ ਕਾਦੀਆਂ ਚੁੰਗੀ ’ਤੇ ਘੁੰਮਣ ਮਾਰਕਿਟ ਵਿੱਚ ਪ੍ਰਫੈਕਟ ਐਡਵਰਟਾਈਜ਼ਮੈਂਟ ਦੇ ਦਫ਼ਤਰ ਵਿੱਚ ਇੱਕ ਹਸੂੰ-ਹਸੂੰ ਕਰਦੇ ਚਿਹਰੇ ਦਾ ਮਾਲਕ ਲੋਕੇਸ਼ ਰਿਸ਼ੀ ਆਪਣੇ ਪਰਿਵਾਰ, ਰਿਸ਼ੇਤਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਉਦਾਸ ਕਰਕੇ ਸਦਾ ਲਈ ਜਹਾਨ ਤੋਂ ਰੁਖਸਤ ਹੋ ਗਿਆ। ਲੋਕੇਸ਼ ਨੂੰ ਕੋਈ ਪੁੱਛੇ ਭਲਾ ਇਹ ਵੀ ਕੋਈ ਉਮਰ ਹੁੰਦੀ ਹੈ ਜਾਣ ਵਾਲੀ… ਪਰ ਰਿਸ਼ੀ ਨਾਮ ਵਾਲੇ ਲੋਕੇਸ਼ ਰਿਸ਼ੀ ਨੇ ਵੀ ਕਿਹੜੀ ਰਿਸ਼ੀਆਂ ਵਾਂਗ ਕੋਈ ਪਰਵਾਹ ਕੀਤੀ… ਤੁਰ ਗਿਆ ਜਹਾਨ ਤੋਂ ਸਾਡਾ ਰਿਸ਼ੀਆਂ ਵਰਗਾ ਯਾਰ ਲੋਕੇਸ਼ ਰਿਸ਼ੀ।
15 ਅਕਤੂਬਰ 1981 ਨੂੰ ਪਿਤਾ ਸ੍ਰੀ ਖਰੈਤੀ ਲਾਲ ਅਤੇ ਮਾਤਾ ਸ੍ਰੀਮਤੀ ਸੁਦਰਸ਼ਨ ਭਨੋਟ ਦੇ ਘਰ ਪੈਦਾ ਹੋਇਆ ਲੋਕੇਸ਼ ਰਿਸ਼ੀ ਆਪਣੇ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ ਅਤੇ ਛੋਟਾ ਹੋਣ ਕਾਰਨ ਲਾਡਲਾ ਵੀ ਬਹੁਤ ਸੀ। ਲੋਕੇਸ਼ ਦੇ ਮਾਤਾ ਜੀ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਲੋਕੇਸ਼ ਨੂੰ ਜਿਥੇ ਮਾਂ ਦਾ ਪਿਆਰ ਦਿੱਤਾ ਓਥੇ ਇੱਕ ਅਧਿਆਪਕਾ ਵਜੋਂ ਪੜ੍ਹਾਇਆ ਵੀ। ਬਾਰ੍ਹਵੀਂ ਜਮਾਤ ਪਾਸ ਕਰਕੇ ਲੋਕੇਸ਼ ਆਪਣੇ ਵੱਡੇ ਭਾਈ ਪਰਮਵੀਰ ਰਿਸ਼ੀ (ਪੱਤਰਕਾਰ ਜ਼ੀ ਮੀਡੀਆ ਅਤੇ ਦੈਨਿਕ ਜਾਗਰਣ) ਦੇ ਪਿੱਛੇ ਹੋ ਤੁਰਿਆ। ਭਰਾ ਪਰਮਵੀਰ ਨੂੰ ਪੱਤਰਕਾਰੀ ਵਿੱਚ ਆਪਣਾ ਉਸਤਾਦ ਧਾਰਿਆ ਅਤੇ ਸੰਨ 2005 ’ਚ ਨਵੇਂ-ਨਵੇਂ ਪ੍ਰਚੱਲਤ ਹੋ ਰਹੇ ਇਲੈਕਟ੍ਰਨਿਕ ਮੀਡੀਆ ਵਿੱਚ ਜੈਨ ਟੀਵੀ ਦੀ ਪੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਲੋਕੇਸ਼ ਨੇ ਪਿ੍ਰੰਟ ਮੀਡੀਆ ਅਤੇ ਇਲੈਕਟ੍ਰਨਿਕ ਮੀਡੀਆ ਦੇ ਕਈ ਅਦਾਰਿਆਂ ਵਿੱਚ ਬੜੀ ਇਮਾਨਦਾਰੀ ਨਾਲ ਪਾਏਦਾਰ ਕੰਮ ਕੀਤਾ। ਉਸਨੇ ਦੇਸ਼ ਦੇ ਨਾਮੀ ਟੀਵੀ ਚੈਨਲ ਐੱਨ.ਡੀ.ਟੀ.ਵੀ, ਟੀ.ਵੀ.-9 ਭਾਰਵਰਸ਼, ਦੈਨਿਕ ਜਾਗਰਣ, ਪੰਜਾਬੀ ਜਾਗਰਣ ਅਖਬਾਰਾਂ ਲਈ ਵੀ ਕੰਮ ਕੀਤਾ। ਇਸ ਸਮੇਂ ਵੀ ਉਹ ਪ੍ਰਾਈਮ ਏਸ਼ੀਆ ਅਤੇ ਬਾਬੂਸ਼ਾਹੀ ਡਾਟ ਕਾਮ ਵਿੱਚ ਪੱਤਰਕਾਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਇਸ ਤੋਂ ਇਲਾਵਾ ਲੋਕੇਸ਼ ਰਿਸ਼ੀ ਆਪਣੀ ਖਬਰਾਂ ਵਾਲੀ ਵੈੱਬਸਾਈਟ ਪਰਾਈਮ ਨਿਊਜ ਪੰਜਾਬ ਵੀ ਚਲਾ ਰਿਹਾ ਸੀ।
ਲੋਕੇਸ਼ ਰਿਸ਼ੀ ਭਾਂਵੇ ਨਾਮੀ ਚੈਨਲਾਂ ਅਤੇ ਅਖਬਾਰਾਂ ਦੀ ਪੱਤਰਕਾਰੀ ਕਰ ਚੁੱਕਾ ਸੀ ਜਾਂ ਕਈਆਂ ਵਿੱਚ ਕਰ ਰਿਹਾ ਸੀ ਪਰ ਇਸਦੇ ਬਾਵਜੂਦ ਵੀ ਉਸ ਵਿੱਚ ਭੋਰਾ ਜਿਨੀ ਵੀ ਹਊਮੇ ਨਹੀਂ ਸੀ। ਹਮੇਸ਼ਾਂ ਹਰ ਕਿਸੇ ਨੂੰ ਖਿੜੇ ਮੱਥੇ ਮਿਲਣਾ, ਇਮਾਨਦਾਰੀ ਨਾਲ ਆਪਣੀ ਪੱਤਰਕਾਰੀ ਕਰਨੀ ਅਤੇ ਈਰਖਾਬਾਜ਼ੀ, ਹੋਛੇਪਣ ਅਤੇ ਸ਼ੋਸ਼ੇਬਾਜ਼ੀ ਤੋਂ ਕੋਹਾਂ ਦੂਰ ਉਹ ਰਿਸ਼ੀਆਂ ਵਾਂਗ ਹੀ ਜੀਵਨ ਜਿਉਂਦਾ ਸੀ।
ਲੋਕੇਸ਼ ਪਿਛਲੇ ਕੁਝ ਮਹੀਨਿਆਂ ਤੋਂ ਜਿਆਦਾ ਬਿਮਾਰ ਰਹਿਣ ਲੱਗਾ। ਭਰਾ ਪਰਮਵੀਰ ਨੂੰ ਹਾਲ ਪੁੱਛਦੇ ਰਹਿਣਾ ਤਾਂ ਉਸਨੇ ਠੀਕ ਹੋਣ ਦੀ ਤਸੱਲੀ ਦੇ ਛੱਡਣੀ। ਉਮੀਦ ਪੂਰੀ ਸੀ ਕਿ ਲੋਕੇਸ਼ ਠੀਕ ਹੋ ਜਾਵੇਗਾ ਅਤੇ ਫਿਰ ਕਾਦੀਆਂ ਚੰੁਗੀ ’ਤੇ ਆਪਣੇ ਦਫ਼ਤਰ ਆਵੇਗਾ ਅਤੇ ਉਸ ਨਾਲ ਗੱਲਾਂਬਾਤਾਂ ਕਰਾਂਗੇ। ਇਹ ਆਸ ਉਸ ਵੇਲੇ ਟੁੱਟ ਗਈ ਜਦੋਂ 7 ਅਗਸਤ ਨੂੰ ਉਸਦੇ ਜਹਾਨੋਂ ਤੁਰ ਜਾਣ ਦੀ ਮਨਹੂਸ ਖ਼ਬਰ ਸੁਣੀ। ਸੱਚੀਂ ਦਿਲ ਉਦਾਸ ਹੋ ਗਿਆ…। ਲੋਕੇਸ਼ ਰਿਸ਼ੀ ਬਟਾਲਾ ਦੇ ਪੱਤਰਕਾਰ ਭਾਈਚਾਰੇ ਵਿੱਚ ਧੜੇਬੰਦੀ ਤੋਂ ਉਪਰ ਦਾ ਪੱਤਰਕਾਰ ਸੀ ਜਿਸਦੀ ਹਰ ਕੋਈ ਇੱਜ਼ਤ ਕਰਦਾ ਸੀ। ਏਹੀ ਕਾਰਨ ਹੈ ਉਸਦੇ ਜਾਣ ਦਾ ਹਰ ਕੋਈ ਦੁੱਖ ਮਨਾ ਰਿਹਾ ਹੈ।
ਲੋਕੇਸ਼ ਰਿਸ਼ੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 10 ਅਗਸਤ 2022 ਦਿਨ ਬੁੱਧਵਾਰ ਨੂੰ ਕਮਿਊਨਿਟੀ ਹਾਲ, ਖਜ਼ੂਰੀ ਗੇਟ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਦਰਮਿਆਨ ਹੋਵੇਗੀ। ਆਪਣੇ ਮਰਹੂਮ ਸਾਥੀ ਨੂੰ ਆਖਰੀ ਸਿਜਦਾ ਕਰਨ ਜਰੂਰ ਪਹੁੰਚਣਾ ਜੀ।
- ਇੰਦਰਜੀਤ ਸਿੰਘ, ਬਟਾਲਾ।