ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਗੁਰਦਾਸਪੁਰ ਦੇ ਬੱਸ ਸਟੈਂਡ ਦੀ ਉਸਾਰੀ ਦਾ ਜਾਇਜਾ
ਅਧਿਕਾਰੀਆਂ ਨੂੰ ਬੱਸ ਸਟੈਂਡ ਦੀ ਉਸਾਰੀ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ
ਗੁਰਦਾਸਪੁਰ, 18 ਮਈ ( ਸੁਸ਼ੀਲ ਕੁਮਾਰ ਬਰਨਾਲਾ )
– ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਗੁਰਦਾਸਪੁਰ ਸ਼ਹਿਰ ਵਿਖੇ ਬਣ ਰਹੇ ਨਵੇਂ ਬੱਸ ਸਟੈਂਡ ਦੀ ਉਸਾਰੀ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਨਵਾਂ ਬੱਸ ਸਟੈਂਡ ਸ਼ੁਰੂ ਹੋਣ ਨਾਲ ਯਾਤਰੂਆਂ ਦੇ ਨਾਲ ਸ਼ਹਿਰ ਵਾਸੀਆਂ ਨੂੰ ਸਹੂਲਤ ਮਿਲ ਸਕੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅੱਜ ਗੁਰਦਾਸਪੁਰ ਸ਼ਹਿਰ ਦੇ ਨਵੇਂ ਬਣ ਰਹੇ ਬੱਸ ਅੱਡੇ ਦੇ ਨਿਰਮਾਣ ਦਾ ਮੁਆਇਨਾ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਜੀਵ ਸ਼ਰਮਾਂ ਅਤੇ ਈ.ਓ. ਨਗਰ ਸੁਧਾਰ ਟਰੱਸਟ, ਹੋਰ ਅਧਿਕਾਰੀ ਅਤੇ ਠੇਕੇਦਾਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਦਿਨ-ਰਾਤ ਇੱਕ ਕਰਕੇ ਬੱਸ ਸਟੈਂਡ ਦੀ ਉਸਾਰੀ ਨੂੰ ਮੁਕੰਮਲ ਕੀਤਾ ਜਾਵੇ ਅਤੇ ਨਾਲ ਹੀ ਕੰਮ ਦੀ ਗੁਣਵਤਾ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਨਿੱਜੀ ਨਿਗਰਾਨੀ ਵਿੱਚ ਸਾਰੇ ਕੰਮ ਨੂੰ ਮੁਕੰਮਲ ਕਰਵਾਉਣ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਉਸਾਰੀ ਵਿੱਚ ਹੁਣ ਹੋਰ ਦੇਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਹੁਣ ਵੀ ਦਿੱਤੇ ਸਮੇਂ ਅੰਦਰ ਕੰਮ ਮੁਕਮੰਲ ਨਾ ਹੋਇਆ ਤਾਂ ਢਿੱਲ-ਮੱਠ ਵਰਤਣ ਵਾਲੇ ਅਧਿਕਾਰੀਆਂ ਅਤੇ ਸਬੰਧਤ ਠੇਕੇਦਾਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬੱਸ ਸਟੈਂਡ ਦੇ ਸ਼ੁਰੂ ਹੋਣ ਨਾਲ ਗੁਰਦਾਸਪੁਰ ਸ਼ਹਿਰ ਵਿੱਚੋਂ ਟਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇਗਾ।
ਇਸ ਮੌਕੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਜੀਵ ਸ਼ਰਮਾਂ ਨੇ ਵੀ ਕਿਹਾ ਕਿ ਗੁਰਦਾਸਪੁਰ ਦਾ ਨਵਾਂ ਬੱਸ ਸਟੈਂਡ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ ਅਤੇ ਇਸਨੂੰ ਬਿਨ੍ਹਾਂ ਕਿਸੇ ਦੇਰੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਬੱਸ ਸਟੈਂਡ ਵਿੱਚ ਯਾਤਰੂਆਂ ਨੂੰ ਹਰ ਤਰਾਂ ਦੀ ਸਹੂਲਤ ਦਿੱਤੀ ਜਾਵੇਗੀ।