ਕੀ ਕਾਰਨ ਹਨ ਕਿ ਅੰਨ ਦਾਤਾ ਅੱਗ ਦਾਤਾ ਬਣ ਰਿਹਾ ਹੈ?
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਧਰਤੀ ਜੋ ਅਨਾਜ਼ ਪੈਦਾ ਹੁੰਦਾ ਹੈ ਉਹ ਪੂਰੇ ਭਾਰਤ ਤੋ ਇਲਾਵਾ ਵਿਦੇਸ਼ਾਂ ਵਿੱਚ ਵੀ ਦਰਾਮਦ ਹੁੰਦਾ ਹੈ. ਇਹ ਧਰਤੀ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਅਤੇ ਇਸ ਧਰਤੀ ਤੇ ਬਹੁਤ ਹੀ ਸੂਰਵੀਰ ਤੇ ਬਹਾਦਰ ਪੈਦਾ ਹੋਏ ਹਨ ਜਿਨ੍ਹਾਂ ਦਾ ਨਾਂ ਪੁਰਾਣੇ ਸਮਿਆਂ ਤੋ ਵੀਰ ਗਥਾਵਾਂ ਵਿੱਚ ਗਾਇਆ ਜਾਂਦਾ ਹੈ. ਸਾਡੇ ਗੁਰੂਆਂ ਪੀਰਾਂ ਤੇ ਰਿਸ਼ੀਆਂ ਮੁਨੀਆਂ ਨੇ ਇਸ ਧਰਤੀ ਤੇ ਬਹੁਤ ਤਪੱਸਿਆ ਕੀਤੀ ਹੈ. ਇਸਨੂੰ ਨਦੀਆਂ ਦਰਿਆਵਾ ਦੀ ਧਰਤੀ ਵੀ ਕਿਹਾ ਜਾਂਦਾ ਹੈ. ਇਸ ਪੰਜਾਬ ਦੀ ਧਰਤੀ ਨੇ ਕੁੱਝ ਸਮਾਂ ਪਹਿਲਾ ਵੀ ਬਹੁਤ ਸੰਤਾਪ ਹੰਢਾਇਆ ਹੈ, ਜਿਸ ਵਿੱਚ ਕਈ ਘਰ ਉਜੜ ਗਏ ਤੇ ਸੱਥਰ ਵਿੱਛ ਗਏ ਜਿਨ੍ਹਾਂ ਦੇ ਸੇਕ ਅਜੇ ਵੀ ਘਰਾਂ ਦੇ ਪਰਿਵਾਰ ਭੋਗ ਰਹੇ.
ਕੁੱਝ 5-6 ਦਹਾਕੇ ਪਹਿਲਾਂ ਖੇਤਬਾੜੀ ਦੇ ਜਿਆਦਾ ਸੰਦ ਨਾ ਹੋਣ ਕਾਰਨ ਕਿਸਾਨ ਬੈਲਾਂ ਨਾਲ ਹੀ ਖੇਤੀ ਕਰਦੇ ਸਨ ਤੇ ਦੇਸੀ ਸੰਦਾ ਦੀ ਵਰਤੋਂ ਕਰਦੇ ਸਨ. ਉਸ ਸਮੇਂ ਮੱਧਮ ਕਿਸਾਨਾਂ ਦਾ ਖੇਤੀ ਵਿੱਚੋ ਮਸਾਂ ਗੁਜ਼ਾਰਾ ਹੀ ਚਲਦਾ ਸੀ ਅਤੇ ਕੋਈ ਬਹੁਤ ਜਿਆਦਾ ਇਨਕਮ ਨਹੀਂ ਹੁੰਦੀ ਸੀ. ਪੰਜਾਬ ਦੇ ਲੋਕਾਂ ਨੂੰ ਮਿਹਨਤਕਸ਼ ਲੋਕਾਂ ਵਜੋਂ ਜਾਣਿਆ ਜਾਂਦਾ ਸੀ ਤੇ ਪੰਜਾਬੀ ਕੌਮ ਵੀ ਬਹੁਤ ਬਹਾਦਰ ਮੰਨੀ ਜਾਂਦੀ ਸੀ, ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਜੀ ਨੇ ਵੀ ਕਿਸਾਨਾਂ ਦੀ ਉਲਫ਼ਤ ਕਰਦੇ ਹੋਏ ਜੈ ਜਵਾਨ ਜੈ ਕਿਸਾਨ ਦਾ ਨਾਹਰਾ ਦਿੱਤਾ ਸੀ. ਭਾਰਤ ਦੀ ਆਜ਼ਾਦੀ ਤੋ ਬਾਅਦ ਖੇਤੀ ਵਿੱਚ ਕਾਫ਼ੀ ਨਵੀਂ ਨਵੀਂ ਮਸ਼ੀਨਰੀ ਆਉਣ ਕਾਰਨ ਹੁਣ ਕਿਸਾਨਾਂ ਨੂੰ ਖੇਤੀ ਕਰਨੀ ਕਾਫ਼ੀ ਸੋਖੀ ਹੋ ਗਈ ਹੈ ,ਪਰ ਇਸ ਮਸ਼ੀਨੀ ਯੁੱਗ ਵਿੱਚ ਜਿਸ ਤਰਾਂ ਕੁੱਝ ਕਿਸਾਨ ਵਾਤਾਵਰਣ ਵਿੱਚ ਫਸਲਾਂ ਦੇ ਨਾੜ ਨੂੰ ਅੱਗ ਲਗਾ ਕੇ ਵਾਤਾਵਰਣ ਵਿੱਚ ਜ਼ਹਿਰ ਤਾਂ ਘੋਲ ਰਹੇ ਹਾਂ ਨਾਲ ਹੀ ਜੀਵ ਜੰਤੂ, ਰੁੱਖ ਜਾਨਵਰ ਤੇ ਇਨਸਾਨਾਂ ਤੋ ਇਲਾਵਾ ਲੋਕਾਂ ਦੀਆਂ ਕੀਮਤੀ ਜਾਇਦਾਦਾਂ ਨੂੰ ਅੱਗ ਨਾਲ ਸਾੜ ਰਹੇ ਹਨ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ. ਇਹ ਨਾੜ ਦੀ ਅੱਗ ਕੇਵਲ ਨਾੜ ਤੱਕ ਹੀ ਸੀਮਿਤ ਨਹੀਂ ਰਹਿੰਦੀ ਸਗੋਂ ਸੜਕਾਂ ਤੇ ਲੰਘਦੇ ਵਾਹਨ ਚਾਲਕਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ, ਜਿਸ ਨਾਲ ਲੋਕਾਂ ਦਾ ਬਹੁਤ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ. ਕਿਸਾਨ ਆਪਣੀ ਜ਼ਿਦ ਨਾਲ ਵਾਤਾਵਰਣ ਨਾਲ ਬਹੁਤ ਭਿਆਨਿਕ ਖਿਲਵਾੜ ਕਰ ਰਹੇ ਹਨ, ਜਿਸਦਾ ਖਮਿਆਜਾ ਆਉਣ ਵਾਲੀ ਪੀੜੀ ਨੂੰ ਭੁਗਤਣਾ ਪੈ ਸਕਦਾ ਹੈਂ, ਕਿਓਂਕਿ ਨਾੜ ਦੀ ਅੱਗ ਦੇ ਧੂਏ ਨਾਲ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਜੋ ਸਿੱਧਾ ਸਿਹਤ ਤੇ ਅਸਰ ਕਰਦੀਆਂ ਹਨ. ਅੱਜ 20-25 ਸਾਲ ਪਹਿਲਾ ਫਸਲਾਂ ਦੇ ਰਹਿੰਦ ਖੂਹੰਦ ਨੂੰ ਕਿਸਾਨਾਂ ਵੱਲੋ ਪਸ਼ੂਆਂ ਦੇ ਚਾਰੇ ਵਿੱਚ ਜਾਂ ਘਰੇਲੂ ਲੋੜਾਂ ਵਿੱਚ ਵਰਤ ਲਿਆ ਜਾਂਦਾ ਸੀ ਅਤੇ ਜੋ ਬਚ ਜਾਂਦਾ ਸੀ, ਉਸ ਨੂੰ ਜ਼ਮੀਨ ਵਾਹੁਣ ਸਮੇਂ ਵਿੱਚ ਹੀ ਮਿਕਸ ਕਰ ਦਿਤਾ ਜਾਂਦਾ ਸੀ, ਜੋ ਕਿ ਇੱਕ ਖਾਦ ਦਾ ਕੰਮ ਕਰਦੀ ਸੀ ਅਤੇ ਜੋ ਪੈਦਾਵਾਰ ਹੁੰਦੀ ਸੀ ਉਹ ਵੀ ਤਾਕਤ ਵਾਲੀ ਹੁੰਦੀ ਸੀ. ਪਰ ਹੁਣ ਕੁੱਝ ਕਿਸਾਨ ਜਿਆਦਾ ਫਸਲਾਂ ਲੈਣ ਦੇ ਲਾਲਚ ਵਿੱਚ ਜਿਸ ਤਰਾਂ ਜਮੀਨ ਵਿੱਚੋ ਨਾੜ ਖਤਮ ਕਰਨ ਲਈ ਅੱਗ ਦਾ ਸਹਾਰਾ ਲੈ ਰਹੇ ਹਨ ਉਹ ਬਹੁਤ ਮਾੜੀ ਗੱਲ ਹੈ ਅਤੇ ਇਸ ਕਾਰਨ ਹਰ ਵਰਗ ਦੇ ਲੋਕ ਇਸ ਤੋ ਨਾਖੁਸ਼ ਹਨ, ਭਾਵੇਂ ਕਿ ਕੋਈ ਕਿਸਾਨਾਂ ਨੂੰ ਸਿਧੇ ਤੌਰ ਤੇ ਇਸਦਾ ਉਲ੍ਹਾਮਾ ਨਹੀਂ ਦੇਂਦਾਂ ਪਰ ਦੱਬੀ ਜ਼ੁਬਾਨ ਵਿੱਚ ਹਰ ਕੋਈ ਇਸ ਨੂੰ ਵਾਤਾਵਰਣ ਲਈ ਬਹੁਤ ਬੁਰਾ ਦੱਸ ਰਿਹਾ. ਲੋਕਾਂ ਨੇ ਕਿਸਾਨ ਨੂੰ ਅੰਨਦਾਤਾ ਦਾ ਅਹੁਦਾ ਦਿੱਤਾ ਹੋਇਆ ਹੈ ਪਰ ਅੰਨਦਾਤਾ ਹੁਣ ਆਪਣੇ ਲਾਲਚ ਵਿੱਚ ਜਿਸ ਤਰਾਂ ਜਮੀਨ ਵਿੱਚ ਬਚੇ ਨਾੜ ਨੂੰ ਅੱਗ ਲਗਾ ਕੇ ਵਾਤਾਵਰਣ ਪ੍ਰਦੂਸ਼ਿਤ ਕਰ ਰਿਹਾ ਹੈ ਉਸ ਕਾਰਨ ਲੋਕ ਭਵਿੱਖ ਕਿਸਾਨ ਨੂੰ ਅੰਨਦਾਤਾ ਨਹੀਂ ਸਗੋਂ ਅੱਗ ਦਾਤਾ ਕਹਿਣਾ ਸ਼ੁਰੂ ਕਰ ਦੇਣਗੇ. ਨਾੜ ਨੂੰ ਅੱਗ ਲਗਾਉਣਾ ਕੋਈ ਹੱਲ ਨਹੀਂ ਹੈ ਸਗੋਂ ਇਸ ਨਾੜ ਤੋ ਕਿਸਾਨ ਤੂੜੀ ਬਣਾ ਕੇ ਤੇ ਹੋਰ ਕਮਾਂ ਵਿੱਚ ਵਰਤ ਕੇ ਵੀ ਪੈਸੇ ਕਮਾ ਸਕਦੇ ਹਨ ਬਸ ਥੋੜੀ ਜਿਹੀ ਮੇਹਨਤ ਦੀ ਜ਼ਰੂਰਤ ਹੈ. ਕਿਸਾਨ ਜਥੇਬੰਦੀਆਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਜਰੂਰਤ ਹੈ, ਕਿਓਂਕਿ ਨਾੜ ਦੀ ਅੱਗ ਨਾਲ ਜਿਸ ਤਰਾਂ ਸੜਕਾਂ ਤੇ ਲੱਗੇ ਰੁੱਖ ਸੜ ਜਾਂਦੇ ਹਨ ਉਹਨਾਂ ਨੂੰ ਪਾਲਣ ਪੋਸ਼ਣ ਵਿੱਚ ਕਈ ਸਾਲ ਲੱਗਦੇ ਹਨ. ਰੁੱਖ ਹੀ ਸਾਡੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਮਦਦ ਕਰਦੇ ਨੇ ਤੇ ਸਾਨੂੰ ਆਕਸੀਜਨ ਤੇ ਗਰਮੀਆਂ ਵਿੱਚ ਠੰਡੀ ਛਾਂ ਦੇਂਦੇ ਹਨ, ਸਮੇਂ ਸਮੇਂ ਦੀਆਂ ਸਰਕਾਰਾਂ ਵੀ ਲੋਕਾਂ ਨੂੰ ਜਿਆਦਾ ਤੋ ਜਿਆਦਾ ਰੁੱਖ ਲਗਾਉਣ ਲਈ ਪ੍ਰੇਰਤ ਕਰਦੀਆ ਹਨ , ਪਰ ਜਿਸ ਤਰਾਂ ਕਿਸਾਨਾਂ ਵੱਲੋ ਹਰ ਸਾਲ ਅੱਗ ਨਾਲ ਲੱਖਾਂ ਰੁੱਖ ਸਾੜ ਦਿਤੇ ਜਾਂਦੇ ਉਸ ਨਾਲ ਵਾਤਾਵਰਣ ਪ੍ਰੇਮੀਆਂ ਦੇ ਮਨ ਨੂੰ ਬਹੁਤ ਠੇਸ ਪਹੁੰਚਦੀ ਹੈ. ਇਸ ਲਈ ਪੂਰਾ ਪੰਜਾਬ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹੈ ਕਈ ਕਿਸਾਨ ਭਰਾ ਆਪਣੀ ਜਿੱਦ ਨੂੰ ਛੱਡ ਕੇ ਫਸਲਾਂ ਦੇ ਨਾੜ ਨੂੰ ਅੱਗ ਲਗਾਉਣਾ ਛੱਡਣ ਅਤੇ ਵਾਤਾਵਰਣ ਤੇ ਜੀਵ ਜੰਤੂਆਂ ਤੇ ਰੁੱਖਾਂ ਦਾ ਵੀ ਧਿਆਨ ਰੱਖਣ , ਜਿਸ ਨਾਲ ਕਿਸਾਨਾਂ ਦੀ ਅੰਨਦਾਤਾ ਦੀ ਉਪਾਧਿ ਲੋਕਾਂ ਵਿੱਚ ਕਾਇਮ ਰਹੇ.
ਧੰਨਵਾਦ.
ਰਮੇਸ਼ ਪਾਲ ਸਿੰਘ (ਪੱਤਰਕਾਰ ) ਇੰਡੀਆ ਕਰਾਈਮ ਨਿਉਜ਼