ਔਰਤਾਂ ਉਪਰ ਹੁੰਦੇ ਅਤਿਆਚਾਰਾਂ ਤੇ ਦੋਸ਼ੀਆਂ ਉਪਰ ਸਮਾਂ ਰਹਿੰਦੇ ਕਿਉਂ ਕਾਰਵਾਈ ਨਹੀਂ ਹੁੰਦੀ?
ਮਿਤੀ 06 ਦਸੰਬਰ 2012 ਵਿੱਚ ਚਲਦੀ ਬੱਸ ਵਿੱਚ 6 ਲੋਕਾਂ ਵੱਲੋ ਪੈਰਾਮੈਡੀਕਲ ਦੀ ਵਿਦਿਆਰਥਣ ਨਾਲ ਸਮੂਹਿਕ ਜਬਰਜਿਨਾਹ ਨੇ ਪੂਰੇ ਦੇਸ਼ ਨੂੰ ਸ਼ਰਮਸ਼ਾਰ ਕਰ ਦਿੱਤਾ ਸੀ ਅਤੇ ਉਸ ਸਮੇਂ ਵੀ ਦਿੱਲੀ ਦੀ ਕਾਂਗਰਸ ਸਰਕਾਰ ਦੀ ਢਿੱਲੀ ਕਾਰਗੁਜਾਰੀ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਦਿੱਲੀ ਦੇ ਲੋਕਾਂ ਤੋਂ ਇਲਾਵਾ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ ਸਨ| ਪਰ ਇਸ ਤੋਂ ਬਾਅਦ ਵੀ ਔਰਤਾਂ ਨਾਲ ਛੇੜਛਾੜ ਤੇ ਜਬਰ ਜਿਨਾਹ ਕਰਨ ਵਾਲਿਆ ਲਈ ਦੇਸ਼ ਵਿੱਚ ਕੋਈ ਸਖ਼ਤ ਕਨੂੰਨ ਨਹੀਂ ਲਿਆਂਦਾ ਗਿਆ | ਨਿਰਭਿਆ ਕਾਂਡ ਤੋਂ ਬਾਅਦ ਵੀ ਕਈ ਮਾਮਲੇ ਸਾਹਮਣੇ ਆਏ ਸਨ, ਪਰ ਸਰਕਾਰਾਂ ਵੱਲੋ ਫਿਰ ਵੀ ਇਸ ਪਾਸੇ ਕੋਈ ਜਿਆਦਾ ਤਵੱਜੋ ਨਹੀਂ ਦਿੱਤੀ ਗਈ| ਹੁਣ ਦੀ ਮਨੀਪੁਰ ਵਿੱਚ ਹੋਈ ਤਾਜਾ ਘਟਨਾ ਨੇ ਫਿਰ ਪੂਰੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ, ਜਿਸ ਨਾਲ ਇੱਕ ਵਾਰ ਫਿਰ ਔਰਤਾਂ ਨਾਲ ਵਾਪਰੀਆਂ ਪਿਛਲੀਆਂ ਘਟਨਾਵਾਂ ਵਾਂਗ ਰਾਜ ਤੇ ਕੇਂਦਰ ਸਰਕਾਰ ਉਪਰ ਸਵਾਲ ਖੜੇ ਕਰ ਦਿਤੇ ਹਨ | ਦੋ ਤਬਕਿਆਂ ਦੀ ਲੜਾਈ ਵਿੱਚ ਔਰਤਾਂ ਨਾਲ ਜਬਰ ਜਿਨਾਹ ਕਰਕੇ ਉਹਨਾਂ ਨੂੰ ਭੀੜ ਵੱਲੋ ਨੰਗੀਆਂ ਘੁਮਾਇਆ ਗਿਆ ਅਤੇ ਉਹਨਾਂ ਦੀ ਵੀਡਿਓ ਵੀ ਬਣਾਈ ਗਈ, ਜੋ ਦਸਣ ਮੁਤਾਬਿਕ ਕਰੀਬ ਦੋ ਮਹੀਨੇ ਪੁਰਾਣੀ ਹੈ, ਇਹਨਾਂ ਕੁੱਝ ਹੋਣ ਦੇ ਬਾਵਜੂਦ ਨਾ ਤਾਂ ਉਥੋਂ ਦੇ ਪੁਲਸ ਪ੍ਰਸ਼ਾਸ਼ਨ ਤੇ ਨਾ ਹੀ ਉਥੋਂ ਦੀ ਸਰਕਾਰ ਨੂੰ ਇਸ ਦੀ ਜਾਣਕਾਰੀ ਹੋਈਂ ਜਾਂ ਇਹ ਸਮਝ ਲਵੋਂ ਕਿ ਪੁਲਸ ਪ੍ਰਸ਼ਾਸਨ ਜਾਂ ਸਰਕਾਰ ਨੇ ਇਸ ਨੂੰ ਕੋਈ ਘਨੌਣੀ ਘਟਨਾ ਨਾ ਸਮਝ ਕੇ ਆਮ ਘਟਨਾ ਹੀ ਸਮਝਿਆ ਅਤੇ ਦੋਸ਼ੀਆਂ ਉਪਰ ਕੋਈ ਕਾਰਵਾਈ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਸਮਝੀ, ਪਰ ਜਦੋ ਇਸਦੀ ਵੀਡਿਓ ਵਾਇਰਲ ਹੋਈਂ ਤਾਂ ਉਥੋਂ ਦੀ ਸਰਕਾਰ ਤੇ ਪੁਲਸ ਪ੍ਰਸ਼ਾਸ਼ਨ ਫਿਰ ਵੀ ਹੱਥ ਤੇ ਹੱਥ ਰੱਖ ਕੇ ਬੈਠਾ ਰਿਹਾ | ਪਰ ਜਦੋ ਵਿਰੋਧੀ ਪਾਰਟੀਆਂ ਤੇ ਲੋਕਾਂ ਵੱਲੋ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਗਿਆ ਤਾਂ ਪੁਲਸ ਤੇ ਸਰਕਾਰ ਹਰਕਤ ਵਿੱਚ ਆਈ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾl ਮਨੀਪੁਰ ਦੀ ਸਰਕਾਰ ਤੇ ਕੇਂਦਰ ਸਰਕਾਰ ਵਿੱਚ ਮੌਜੂਦ ਮਹਿਲਾ ਮੰਤਰੀਆਂ ਵੱਲੋ ਵੀ ਇਸ ਘਨੌਣੀ ਘਟਨਾ ਉਪਰ ਆਪਣਾ ਮੂੰਹ ਖੋਲਣ ਦੀ ਅਹਿਮੀਅਤ ਨਹੀਂ ਸਮਝੀ ਉਲਟਾ ਇਸਨੂੰ ਵਿਰੋਧੀ ਪਾਰਟੀਆਂ ਉਪਰ ਰਾਜਨੀਤਿਕ ਰੰਗ ਦੇਣ ਲਈ ਤਾਅਨੇ ਮਾਰਨੇ ਸ਼ੁਰੂ ਕਰ ਦਿਤੇl ਜਿਨ੍ਹਾਂ ਔਰਤਾਂ ਨੂੰ ਨੰਗੀਆਂ ਕਰਕੇ ਘੁਮਾਇਆ ਗਿਆ ਸੀ ਉਹਨਾਂ ਵਿੱਚ ਇੱਕ ਔਰਤ ਦਾ ਪਤੀ ਫੌਜੀ ਹੈ ਤੇ ਉਸਨੇ ਕਾਰਗਿਲ ਜੰਗ ਵਿੱਚ ਹਿਸਾ ਲਿਆ ਸੀ, ਜਿਸ ਨੇ ਭਾਰਤੀ ਨਿਊਜ ਚੈਨਲਾਂ ਨੂੰ ਕਿਹਾ ਕਿ ਉਸਨੇ ਕਾਰਗਿਲ ਦੀ ਲੜਾਈ ਵਿੱਚ ਆਪਣੀ ਭਾਰਤ ਮਾਤਾ ਦੀ ਆਬਰੂ ਬਚਾਈ ਸੀ, ਪਰ ਆਪਣੇ ਹੀ ਦੇਸ਼ ਵਿੱਚ ਆਪਣੀ ਪਤਨੀ ਦੀ ਆਬਰੂ ਨਹੀਂ ਬਚਾਅ ਸਕਿਆ ਜੋ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਇੱਕ ਪਾਸੇ ਅਸੀਂ ਚੰਦ ਤੇ ਆਪਣੀ ਪਹੁੰਚ ਬਣਾ ਰਹੇ ਹਾਂ ਪਰ ਦੂਸਰੇ ਪਾਸੇ ਅਸੀਂ ਜਾਤਾਂ ਪਾਤਾਂ ਤੇ ਧਰਮਾਂ ਵਿੱਚ ਹੀ ਉਲਝ ਕੇ ਆਪਣੇ ਹੀ ਲੋਕਾਂ ਉਪਰ ਅਤਿਆਚਾਰ ਕਰ ਰਹੇ ਹਾਂ| ਵੋਟਾਂ ਸਮੇਂ ਜੋ ਰਾਜਨੀਤਿਕ ਲੋਕ ਲੋਕਾਂ ਦੀ ਰਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਵਾਅਦੇ ਕਰਦੇ ਹਨ ਉਹ ਸਤਾ ਵਿੱਚ ਆਉਣ ਤੋਂ ਬਾਅਦ ਲੋਕਾਂ ਉਪਰ ਇਸ ਤਰ੍ਹਾਂ ਦੀਆਂ ਘਿਨੌਣੀਆਂ ਹਰਕਤਾਂ ਹੋਣ ਤੋਂ ਬਾਅਦ ਵੀ ਨਹੀਂ ਜਾਗਦੇ ਅਤੇ ਸਤਾ ਦਾ ਕੇਵਲ ਅਨੰਦ ਮਾਣਦੇ ਹਨ ਤੇ ਆਪਣੇ ਕੀਤੇ ਵਾਅਦੇ ਵੀ ਭੁੱਲ ਜਾਂਦੇ ਹਨ | ਮੈਨੂੰ ਇਹ ਵੀ ਕਹਿਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਕਿ ਪਾਕਿਸਤਾਨ ਤੋਂ ਸੀਮਾਂ ਨਾਂ ਦੀ ਭਾਰਤ ਆਈ ਔਰਤ ਦੀ ਇੰਟਰਵਿਓ ਲੈਣ ਲਈ ਉਸਦੇ ਅੱਗੇ ਪਿਛੇ ਪੂਛ ਹਲਾਓਣ ਵਾਲੇ ਵੱਡੇ ਵੱਡੇ ਨਿਉਜ਼ ਚੈਨਲ ਨੇ ਵੀ ਇਸ ਘਨੌਣੀ ਘਟਨਾ ਬਾਰੇ ਕੋਈ ਖਬਰ ਪੂਰੀ ਜਿੰਮੇਦਾਰੀ ਨਾਲ ਚਲਾਉਣ ਦੀ ਜ਼ਰੂਰਤ ਨਹੀਂ ਸਮਝੀ ਅਤੇ ਨਾ ਹੀ ਉਥੋਂ ਦੀ ਸਰਕਾਰ ਤੇ ਕੇਂਦਰ ਸਰਕਾਰ ਨਾਲ ਇਸ ਬਾਰੇ ਕੋਈ ਸਵਾਲ ਤਲਬੀ ਕਰਨ. ਦੀ ਅਹਿਮੀਅਤ ਸਮਝੀ, ਜਦ ਕਿ ਵਿਦੇਸ਼ੀ ਮੀਡਿਆ ਨੇ ਇਸ ਖਬਰ ਨੂੰ ਜੋਰਸ਼ੋਰ ਨਾਲ ਚੁੱਕਿਆ| ਔਰਤਾਂ ਤੇ ਮਜਲੂਮਾਂ ਉਪਰ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁਕੀਆਂ ਹਨ ਜਿਸ ਬਾਰੇ ਸੁਣ ਕੇ ਵੀ ਦੁੱਖ ਤੇ ਗੁੱਸਾ ਆਓਂਦਾ ਹੈ | ਪਰ ਸਰਕਾਰਾਂ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਕੋਈ ਨਾ ਤਾਂ ਠੋਸ ਕਨੂੰਨ ਬਣਾ ਰਹੀਆਂ ਹਨ ਤੇ ਨਾ ਹੀ ਇਹਨਾਂ ਘਟਨਾਵਾਂ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਕੋਈ ਸਖ਼ਤ ਸਜਾਵਾਂ ਦੇਂਦੀਆਂ ਹਨ, ਸਗੋਂ ਅਗਰ ਕੋਈ ਦੋਸ਼ੀ ਰਾਜਨੀਤਿਕ ਪਹੁੰਚ ਵਾਲਾ ਹੋਏ ਤਾਂ ਉਸਦਾ ਜੇਲ੍ਹ ਵਿੱਚ ਵੀ ਪੂਰਾ ਖਿਆਲ ਰਖਿਆ ਜਾਂਦਾ ਹੈ, ਤੇ ਕਨੂੰਨੀ ਪ੍ਰਕ੍ਰਿਆ ਸਖੋਲੀ ਕਰਕੇ ਰਿਹਾ ਵੀ ਕਰਵਾ ਲਿਆ ਜਾਂਦਾ ਹੈ| ਕੁੱਲਮਿਲਾ ਕੇ ਇਹੋ ਹੀ ਸਮਝਿਆ ਜਾ ਸਕਦਾ ਹੈ ਕਿ ਜਿੰਨੀ ਦੇਰ ਤੱਕ ਸੱਤਾਧਾਰੀ ਸਰਕਾਰਾਂ ਇਹੋ ਜਿਹੀਆਂ ਘਿਨੌਣੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਠੋਸ ਕਨੂੰਨ ਨਹੀਂ ਬਣਾਉਦੀਆਂ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਨਹੀਂ ਦਿਵਾਉਂਦਿਆਂ ਉੱਨੀ ਦੇਰ ਤੱਕ ਇਹ ਘਟਨਾਵਾਂ ਰੁਕਣੀਆਂ ਨਾਮੁਮਕਨ ਹਨ| ਜਨਤਾ ਨੂੰ ਵੀ ਸਮਝਣ ਦੀ ਲੋੜ ਹੈ ਕਿ ਜਾਤਾਂ ਧਰਮਾਂ ਵਿੱਚ ਬੇ ਫਜੂਲ ਝਗੜੇ ਕਰਕੇ ਉਹ ਆਪਣੀ ਤੇ ਆਪਣੀ ਆਉਣ ਵਾਲੀ ਪੀੜੀ ਅਗੇ ਕੰਡੇ ਬੀਜ ਰਹੇ ਹਨ | ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਕਿ ਅਗਰ ਕੋਈ ਵਿਅਕਤੀ ਅਫਵਾਹਾਂ ਫੈਲਾ ਕੇ ਦੰਗੇ ਜਾਂ ਘਿਨੌਣੇ ਅਪਰਾਧ ਕਰਾਉਂਦਾ ਹੈ ਤਾਂ ਉਸ ਵਿਅਕਤੀ ਉਪਰ ਵੀ ਦੇਸ਼ ਧ੍ਰੋਹ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ, ਕਿਓਂਕਿ ਜੋ ਇਹ ਘਟਨਾ ਵਾਪਰੀ ਹੈ ਉਸ ਵਿੱਚ ਵੀ ਇਹ ਸੁਣਨ ਵਿੱਚ ਆਇਆ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋ ਝੁਠੀ ਅਫਵਾਹ ਫਲਾਈ ਗਈ ਸੀ ਤੇ ਜਿਸਦਾ ਖਾਮਿਆਜਾ ਉਹਨਾਂ ਔਰਤਾਂ ਨੂੰ ਭੁਗਤਣਾ ਪਿਆ ਜਿੰਨਾ ਦਾ ਕੋਈ ਕਸੂਰ ਨਹੀਂ ਸੀ| ਇਸ ਤਰਾਂ ਦੇ ਅਣਮਨੁੱਖੀ ਅਤਿਆਚਾਰਾਂ ਖਿਲਾਫ ਸਾਰੀਆਂ ਪਾਰਟੀਆਂ ਤੇ ਵੱਡੇ ਵੱਡੇ ਅਹੁਦਿਆਂ ਦੇ ਬੈਠੇ ਲੋਕਾਂ ਨੂੰ ਅਵਾਜ ਚੁੱਕਣੀ ਚਾਹੀਦੀ ਹੈ ਤਾਂ ਜੋ ਅਜਿਹੇ ਘਿਨੌਣੇ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਮਿਲ ਸਕਣ|
ਰਮੇਸ਼ ਪਾਲ ਸਿੰਘ (ਪੱਤਰਕਾਰ)
ਇੰਡੀਆ ਕਰਾਈਮ ਨਿਉਜ਼