ਨਿੱਤ ਹੁੰਦੀ ਤਾੜ-ਤਾੜ ਅਤੇ ਲੁੱਟਾਂ-ਖੋਹਾਂ ਨਾਲ ਬਟਾਲਾ ਸ਼ਹਿਰ ਦੇ ਵਿਉਪਾਰੀ ਅਤੇ ਆਮ ਨਾਗਰਿਕ ਦਹਿਸ਼ਤ ਦੇ ਸਾਏ ਹੇਠ
ਬਟਾਲਾ ਸ਼ਹਿਰ ਵਿੱਚ ਵਾਪਰ ਰਹੀਆਂ ਆਪਰਾਧਿਕ ਘਟਨਾਵਾਂ ਨੂੰ ਲੈਕੇ ਯੂਥ ਕਾਂਗਰਸੀ ਆਗੂ ਯੁੱਧਬੀਰ ਮਾਲਟੂ ਨੂੰ ਪੱਤਰਕਾਰਾਂ ਵਲੋਂ ਸਿੱਧੇ ਸਵਾਲ-ਜਵਾਬ !
ਬਟਾਲਾ, 5 ਜੁਲਾਈ (ਸੁਖਨਾਮ ਸਿੰਘ ਅਖਿਲ ਮਲਹੋਤਰਾ) ਵੱਡਾ ਸਵਾਲ – ਇਹਨਾਂ ਦਹਿਸ਼ਤੀ ਵਾਰਦਾਤਾਂ ਬਾਰੇ ਤੁਸੀਂ ਕੀ ਸਮਝਦੇ ਹੋ ?
ਜਵਾਬ – ਯੂਥ ਕਾਂਗਰਸੀ ਆਗੂ ਯੁੱਧਬੀਰ ਮਾਲਟੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਜ਼ ਅਖ਼ਬਾਰਾਂ , ਇਲੈਕਟ੍ਰੋਨਿਕ ਮੀਡੀਆ ਤੇ ਸ਼ੋਸ਼ਲ ਮੀਡੀਆ ਲੁੱਟਾਂ ਖੋਹਾਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨਾਲ ਭਰਿਆ ਹੁੰਦਾ ਹੈ। ਹਲਕਾ ਬਟਾਲਾ ਦੀ ਸਥਿਤੀ ਅਜਿਹੀ ਬਣ ਗਈ ਹੈ ਕਿ ਕੋਈ ਦਿਨ ਅਜਿਹਾ ਖ਼ਾਲੀ ਨਹੀਂ ਜਾਂਦਾ ਜਿਸ ਦਿਨ ਲੁੱਟ ਖੋਹ ਜਾਂ ਗੋਲੀਬਾਰੀ ਦੀ ਘਟਨਾ ਨਾ ਵਾਪਰਦੀ ਹੋਵੇ। ਬਟਾਲੇ ਦੇ ਲੋਕ ਅਤੇ ਵਿਉਪਾਰੀ ਡਰ ਤੇ ਸਹਿਮ ਨਾਲ ਜੀਅ ਰਹੇ ਹਨ ਅਤੇ ਬਹੁਤ ਜ਼ਰੂਰੀ ਹੋਣ ‘ਤੇ ਹੀ ਘਰੋਂ ਬਾਹਰ ਨਿਕਲਦੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਹਰੇਕ ਆਗੂ ਸਟੇਜਾਂ ਉਤੇ ਬਾਹਾਂ ਉਲਾਰ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੁੱਤੇ ਦੇ ਗਲ ਸੋਨੇ ਦਾ ਕੈਂਠਾ ਪਾਏ ਜਾਣ ਦੀ ਕਹਾਣੀ ਲੋਕਾਂ ਨੂੰ ਸੁਣਾ ਕੇ ਪ੍ਰਭਾਵਿਤ ਕਰਦਾ ਸੀ ਕਿ ਉਨਾਂ ਦਾ ਆਉਣ ਵਾਲਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਹੋਵੇਗਾ ਜਿਸ ਵਿਚ ਔਰਤਾਂ ਤਾਂ ਕਿ ਕੁੱਤੇ ਦੇ ਗਲ ਵਿਚ ਪਿਆ ਹੋਇਆ ਸੋਨੇ ਦਾ ਕੈਂਠਾ ਵੀ ਕੋਈ ਨਹੀਂ ਉਤਾਰ ਸਕੇਗਾ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਹੈ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਬੀਤੇ ਕੱਲ੍ਹ ਹੀ ਅੰਮ੍ਰਿਤਸਰ ਵਿੱਚ ਇੱਕ ਅਪਾਹਜ਼ ਨੌਜਵਾਨ ਜੋ ਕਿਰਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ ਕੋਲੋਂ ਲੁਟੇਰੇ ਉਸਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਜਿਸ ਰਾਜ ਵਿੱਚ ਤੰਦਰੁਸਤ ਲੋਕਾਂ ਅਤੇ ਅਪਾਹਜ ਲੋਕਾਂ ਦੀ ਰੋਜ਼ਾਨਾ ਲੁੱਟ ਖੋਹ ਹੋ ਰਹੀ ਹੋਵੇ ਉਸ ਰਾਜ ਨੂੰ ਲੁਟੇਰਿਆਂ ਦਾ ਰਾਜ ਹੀ ਕਿਹਾ ਜਾ ਸਕਦਾ ਹੈ ।
ਸਵਾਲ – ਆਖਿਰ ਕਿਉਂ ਵਾਪਰ ਰਹੀਆਂ ਹਨ ਅਜਿਹੀਆਂ ਘਟਨਾਵਾਂ ?
ਜਵਾਬ – ਇਸ ਸਬੰਧੀ ਯੁੱਧਬੀਰ ਮਾਲਟੂ ਨੇ ਦੱਸਿਆ ਕਿ ਵਧਦੀ ਹੋਈ ਬੇਰੋਜ਼ਗਾਰੀ, ਨਸ਼ਾ, ਵਿਹਲੇ ਰਹਿ ਕੇ ਐਸ਼ੋ ਇਸ਼ਰਤ ਦੀ ਜ਼ਿੰਦਗੀ ਦੇ ਸੁਪਨੇ ਲੈਣ ਵਾਲੇ ਲੋਕਾਂ ਵਲੋਂ ਵਿਉਪਾਰੀਆਂ ਦੇ ਗਲੇ ਰੇਤ ਕੇ ਆਪਣੀਆਂ ਇਛਾਵਾਂ ਦੀ ਪੂਰਤੀ ਕਰਨੀਂ , ਰਾਤੋ-ਰਾਤ ਅਮੀਰ ਬਣਨ ਦੀ ਲਾਲਸਾ ਅਤੇ ਸਿਆਸੀ ਸਰਪ੍ਰਸਤੀ ਹੇਠ ਪਲ ਰਹੇ ਨੌਜਵਾਨ ਹੁਣ ਬੇਖੌਫ ਹੋ ਗਏ ਹਨ ਤੇ ਉਹ ਪੁਲਿਸ ਦੇ ਡਰ ਤੋਂ ਮੁਕਤ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਸਦੇ ਨਾਲ ਹੀ ਗ਼ੈਰ ਕਾਨੂੰਨੀ ਢੰਗ ਨਾਲ ਇਕੱਠੇ ਕੀਤੇ ਦੋ ਨੰਬਰ ਦੇ ਪੈਸੇ ਦਾ ਕਥਿਤ ਤੌਰ ‘ਤੇ ਕਾਰੋਬਾਰਾਂ ਵਿਚ ਨਿਵੇਸ਼ ਅਤੇ ਲੈਣ-ਦੇਣ ਵੀ ਅਪਰਾਧ ਅਤੇ ਅਪਰਾਧੀਆਂ ਨੂੰ ਜਨਮ ਦੇ ਰਿਹਾ ਹੈ।
ਵੱਡਾ ਸਵਾਲ – ਆਖਿਰ ਕਿਵੇਂ ਬਚਿਆ ਜਾ ਸਕਦਾ ਇਹਨਾਂ ਖਤਰਨਾਕ ਘਟਨਾਵਾਂ ਅਤੇ ਦਹਿਸ਼ਤ ਦੇ ਸਾਏ ਤੋਂ ?
ਜਵਾਬ – ਯੁੱਧਬੀਰ ਮਾਲਟੂ ਨੇ ਇਸ ਅਹਿਮ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਬਟਾਲੇ ਦੇ ਲੋਕ ਵਾਪਰ ਰਹੀਆਂ ਆਪਰਾਧਿਕ ਘਟਨਾਵਾਂ ਤੋਂ ਭਾਵੇਂ ਖ਼ੌਫ਼ ਵਿੱਚ ਹਨ ਤੇ ਉਨ੍ਹਾਂ ਨੂੰ ਡਰ ਵਿਚੋਂ ਕੱਢਣ ਲਈ ਐਸ.ਐਜ.ਪੀ ਅਸ਼ਵਨੀ ਗੋਟਿਆਲ ਨੇ ਕੁੱਝ ਖ਼ਾਸ ਯਤਨ ਵੀ ਕੀਤੇ ਹਨ ਜਿੰਨ੍ਹਾਂ ਵਿੱਚ ਉਨਾਂ ਵਲੋਂ ਈਗਲ ਸਰਚ ਅਪ੍ਰੇਸ਼ਨ, ਡੇ-ਨਾਈਟ ਹਾਇਟੈਕ ਨਾਕਾਬੰਦੀ , ਅਧੁਨਿਕ ਤਕਨੀਕਾਂ ਨਾਲ ਲੈਸ ਪੁਲਿਸ ਕੰਟਰੋਲ ਰੂਮ ਰਾਹੀਂ ਅਪਰਾਧੀਆਂ ਦੀ ਪੈੜ ਨੱਪਣਾ , ਪ੍ਰੋਫੈਸ਼ਨਲ ਤਜਰਬੇਕਾਰ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਨਾਜ਼ੁਕ ਇਲਾਕਿਆਂ ਵਿੱਚ ਤਾਇਨਾਤ ਕਰਨੀਆਂ ਆਦਿ ਹਨ ਪਰ ਇਹਨਾਂ ਸਖ਼ਤ ਯਤਨਾਂ ਨੂੰ ਪੂਰੀ ਤਰ੍ਹਾਂ ਬੂਰ ਨਹੀਂ ਪੈ ਸਕਿਆ ਕਿਉਂਕਿ ਥਾਣਾ ਅਤੇ ਚੌਕੀਆਂ ਪੱਧਰ ਦੇ ਪੁਲਿਸ ਅਫਸਰਾਂ ਅਤੇ ਪੁਲਿਸ ਦੇ ਖੁਫ਼ੀਆ ਤੰਤਰ ਦਾ ਆਪਸ ਵਿੱਚ ਪੂਰੀ ਤਰ੍ਹਾਂ ਤਾਲਮੇਲ ਨਜ਼ਰ ਨਹੀਂ ਆ ਰਿਹਾ। ਇਸ ਤਰ੍ਹਾਂ ਜਾਪਦਾ ਹੈ ਕਿ ਪਿਛਲੀਆਂ ਸਰਕਾਰਾਂ ਵਾਂਗ ਹੁਣ ਵੀ ਇਹ ਅਫ਼ਸਰ ਰਾਜਸੀ ਤੰਤਰ ਹੇਠ ਕੰਮ ਕਰ ਰਹੇ ਹਨ ਜਿਸਦਾ ਖਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਸਵਾਲ – ਸ਼ਹਿਰ ਵਾਸੀਆਂ ਦੀ ਕੀ ਬਣਦੀ ਹੈ ਜਿੰਮੇਵਾਰੀ ?
ਜਵਾਬ – ਇਸ ਸਬੰਧੀ ਯੁੱਧਬੀਰ ਮਾਲਟੂ ਨੇ ਕਿਹਾ ਕਿ ਜਿਥੇ ਪੁਲਿਸ ਪ੍ਰਸ਼ਾਸਨ ਵੱਡੀ ਪੱਧਰ ਉਤੇ ਅਪਰਾਧ ਨੂੰ ਰੋਕਣ ਲਈ ਚਾਰਾਜੋਈ ਕਰ ਰਿਹਾ ਹੈ ਉਥੇ ਹੀ ਮੈਂ ਬਟਾਲਾ ਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕੋਲੋਂ ਵੀ ਸਹਿਯੋਗ ਦੀ ਮੰਗ ਕਰਦਾ ਹਾਂ ਕਿ ਉਹ ਆਪਣੇ ਨੇੜੇ-ਤੇੜੇ ਨਸ਼ੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਨਜਾਇਜ਼ ਧੰਦਿਆਂ ਨਾਲ ਸਬੰਧਤ ਸ਼ੱਕੀ ਵਿਅਕਤੀਆਂ ਦੀ ਜਾਣਕਾਰੀ ਸਿੱਧੇ ਐਸ.ਐਸ.ਪੀ ਬਟਾਲਾ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਵਾਰਦਾਤ ਹੋਣ ਤੋਂ ਪਹਿਲਾਂ ਹੀ ਬਚਿਆ ਜਾ ਸਕੇ ਅਤੇ ਇਸ ਚੁਣੌਤੀ ਭਰਪੂਰ ਸਥਿਤੀ ਦਾ ਬਟਾਲਾ ਵਾਸੀ ਸਾਹਸਪੂਰਨ ਤਰੀਕੇ ਨਾਲ ਸਾਹਮਣਾ ਕਰਦੇ ਹੋਏ ਸ਼ਹਿਰ ਦੀ ਸੁਰੱਖਿਆ ਲਈ ਯਤਨਸ਼ੀਲ ਹੋਣ।
ਫੋਟੋ – ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਦੌਰਾਨ ਸਿੱਧੇ ਤੇ ਤਿੱਖੇ ਸਵਾਲਾਂ ਦੇ ਜਵਾਬ ਦਿੰਦਿਆਂ ਕਾਂਗਰਸੀ ਆਗੂ ਯੁੱਧਬੀਰ ਸਿੰਘ ਮਾਲਟੂ .