ਪੰਜਾਬੀਆਂ ਅਤੇ ਸਿੱਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਡੱਟ ਕੇ ਸਾਥ ਦੇਣ : ਪਰਮਜੀਤ ਸਿੰਘ ਗਿੱਲ
ਸ਼੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਪ੍ਰੋਜੈਕਟ ਮੋਦੀ ਸਰਕਾਰ ਦਾ ਸ਼ਲਾਘਾਯੋਗ ਕਦਮ
ਬਟਾਲਾ (ਅਨੀਤਾ ਬੇਦੀ)
ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਿੱਖਾਂ ਦੇ ਪਾਵਨ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਵਾਸਤੇ ਰੋਪਵੇਅ ਪ੍ਰੋਜੈਕਟ ਦੀ ਮਨਜ਼ੂਰੀ ਨੂੰ ਸਲਾਘਾਯੋਗ ਕਾਰਜ ਦੱਸਿਆ।
ਉਹਨਾਂ ਕਿਹਾ ਕਿ 2,730 ਕਰੋੜ ਲਾਗਤ ਨਾਲ ਉਤਰਾਖੰਡ ਦੇ ਗੁਰਦੁਆਰਾ ਸ੍ਰੀ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤਕ 12.4 ਕਿਲੋਮੀਟਰ ਲੰਬੇ ਰੋਪਵੇਅ ਪ੍ਰਾਜੈਕਟ ਨੂੰ ਮਨਜ਼ੂਰੀ ਦੇਣਾ ਇਤਿਹਾਸਕ ਕਦਮ ਹੈ।
ਉਹਨਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ, ਸਮੁੰਦਰੀ ਤਟ ਤੋਂ 13650 ਫੁੱਟ ’ਤੇ ਸਥਿਤ ਬੇਹੱਦ ਸੁੰਦਰ ਅਤੇ ਰਮਣੀਕ ਅਸਥਾਨ, ਸ੍ਰੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰਬਲੇ ਜਨਮ ਦਾ ਤਪ ਸਥਾਨ ਹੈ। ਜਿਸ ਪ੍ਰਤੀ ਸਿੱਖ ਸੰਗਤਾਂ ਵਿਚ ਬੜੀ ਭਾਰੀ ਸ਼ਰਧਾ ਅਤੇ ਆਸਥਾ ਹੈ। ਰੋਪਵੇਅ ਦੇ ਮੁਕੰਮਲ ਹੋਣ ਨਾਲ ਯਾਤਰਾ ਦਾ ਸਮਾਂ ਘੱਟ ਜਾਵੇਗਾ ਅਤੇ ਜੋ ਸ਼ਰਧਾਲੂ ਉਮਰ ਜਾਂ ਸਰੀਰਕ ਤਕਾਜ਼ੇ ਕਾਰਨ ਪੈਦਲ ਉੱਪਰ ਜਾਣ ਜਾਂ ਘੋੜਿਆਂ ਦੀ ਸਵਾਰੀ ਕਰਨ ’ਚ ਅਸਮਰਥ ਹਨ, ਉਹ ਵੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਸੁਖਾਲੇ ਕਰ ਸਕਣਗੇ।
ਉਹਨਾਂ ਨੇ ਕਿਹਾ ਕਿ ਹਰ ਸਾਲ ਹੀ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ ਅਤੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਸੰਗਤਾਂ ਨੂੰ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਵਿੱਚ ਬਹੁਤ ਜਿਆਦਾ ਸੌਖ ਹੋਵੇਗੀ ਜਿਸ ਲਈ ਸੰਗਤਾਂ ਵਿੱਚ ਭਾਰੀ ਉਤਸਾਹ ਵੀ ਵੇਖਣ ਨੂੰ ਮਿਲ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਵਾਸਤੇ ਅਜਿਹੇ ਲਾ-ਮਿਸਾਲ ਕਾਰਜ ਕੀਤੇ ਹਨ ਜੋ ਪਿਛਲੀਆਂ ਸਰਕਾਰਾਂ ਨੇ ਕਦੇ ਸੋਚੇ ਵੀ ਨਹੀਂ ਸਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਿੱਖ ਭਾਈਚਾਰੇ ਪ੍ਰਤੀ ਪਹਿਲਾਂ ਹੀ ਆਪਣਾ ਪਿਆਰ ਅਤੇ ਸਨੇਹ ਪ੍ਰਗਟਾ ਚੁੱਕੇ ਹਨ ।
ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਤੇ ਪੰਜਾਬੀਆਂ ਦੇ ਰਹਿੰਦੇ ਮਸਲਿਆਂ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੁੱਲ ਕੇ ਸਾਥ ਦਿੱਤਾ ਜਾਵੇ।