ਚੰਡੀਗੜ੍ਹ : ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਆਸ਼ੂ ਬਾਂਗੜ ਅੱਜ ਕਾਂਗਰਸ ’ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼ੂ ਬਾਂਗੜ ਨੂੰ ਕਾਂਗਰਸ ’ਚ ਸ਼ਾਮਲ ਕਰਦੇ ਹੋਏ ਫਿਰੋਜ਼ਪੁਰ ਤੋਂ ਚੋਣ ਲੜਾਉਣ ਦੀ ਗੱਲ ਕਹੀ। ਮੁੱਖ ਮੰਤਰੀ ਦੇ ਇਸ ਭਰੋਸੇ ਤੋਂ ਸਪਸ਼ਟ ਹੋ ਗਿਆ ਹੈ ਕਿ ਮੌਜੂਦਾ ਵਿਧਾਇਕ ਸਤਕਾਰ ਕੌਰ ਦੀ ਟਿਕਟ ਕੱਟੀ ਜਾਣੀ ਤੈਅ ਹੈ।
ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਕੇਪੀ ਤੇ ਉਨ੍ਹਾਂ ਦੇ ਭਰਾ ਡਾ. ਮਨੋਹਰ ਸਿੰਘ ਦੇ ਬਗ਼ਾਵਤ ਕਰਨ ਦੇ ਮੁੱਦੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੇਪੀ ਦੀ ਨਾਰਾਜ਼ਗੀ ਜਾਇਜ਼ ਹੈ। ਉਹ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਸਾਬਕਾ ਪ੍ਰਧਾਨ ਰਹੇ ਹਨ। ਚੰਨੀ ਨੇ ਕਿਹਾ ਕਿ ਪਾਰਟੀ ਇਸ ਮੁੱਦੇ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਉਨ੍ਹਾਂ ਦੇ ਭਰਾ ਦੀ ਬਦਲੀ ਕਰਵਾ ਦਿੱਤੀ ਸੀ ਤੇ ਗੁੱਸੇ ਵਿਚ ਆ ਕੇ ਉਸ ਨੇ ਨੌਕਰੀ ਛੱਡ ਦਿੱਤੀ। ਜਿਸ ਕਰਕੇ ਹਲਕੇ ਦੇ ਲੋਕ ਉਸ ਨੂੰ (ਡਾ. ਮਨੋਹਰ ਸਿੰਘ) ਚੋਣ ਲੜਨ ਲਈ ਕਹਿ ਰਹੇ ਹਨ। ਚੰਨੀ ਨੇ ਕਿਹਾ ਕਿ ਦੋਵਾਂ (ਜੀਪੀ ਤੇ ਭਰਾ) ਨੂੰ ਬਿਠਾ ਕੇ ਸਮਝਾ ਲਿਆ ਜਾਵੇਗਾ। ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਸੰਯੁਕਤ ਪਰਿਵਾਰ ਹੈ ਤੇ ਕੋਈ ਵੀ ਮੈਂਬਰ ਕਿਸੇ ਤੋਂ ਬਾਹਰ ਨਹੀਂ ਹੈ। ਚੰਨੀ ਨੇ ‘ਆਪ’ ਆਗੂਆਂ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਬਾਹਰੋਂ ਆ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਕਿਸਾਨਾਂ ਨੂੰ ਬੁਰਾ ਭਲਾ ਬੋਲ ਰਿਹਾ ਹੈ। ਪੈਸੇ ਲੈ ਕੇ ਟਿਕਟਾਂ ਦੇਣ, ਦਿੱਲੀ ਦੀ ਦਖ਼ਲਅੰਦਾਜ਼ੀ ਤੋਂ ਪਹਿਲਾਂ ਵੀ ਲੋਕ ਦੁਖੀ ਸਨ ਤੇ ਹੁਣ ਵੀ ਦੁਖੀ ਹਨ। ਪਾਰਟੀ ਦੇ ਦਸ ਵਿਧਾਇਕ ਤੇ ਤਿੰਨ ਐੱਮਪੀ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਹਨ ਤੇ ਅੱਜ ਇਕ ਉਮੀਦਵਾਰ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ। ਚੰਨੀ ਨੇ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਤਰੀਕ ਬਦਲਣ ਦੇ ਫ਼ੈਸਲੇ ਦਾ ਧੰਨਵਾਦ ਕੀਤਾ।
ਇਸ ਮੌਕੇ ਆਸ਼ੂ ਬਾਂਗੜ ਨੇ ਕਿਹਾ ਕਿ ‘ਆਪ’ ਦੀ ਦਿੱਲੀ ਲੀਡਰਸ਼ਿਪ ਪੰਜਾਬੀਆਂ ’ਤੇ ਫ਼ੈਸਲੇ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਡੰਮੀ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਤਾਂ ਜੋ ਦਿੱਲੀ ਦਾ ਏਜੰਡਾ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਪੰਜਾਬ ’ਚ ਆ ਕੇ ਲੀਡਰ ਬਣ ਰਹੇ ਹਨ। ਪਾਰਟੀ ’ਚ ਆਮ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜਿਸ ਕਰਕੇ ਉਨ੍ਹਾਂ ਪਾਰਟੀ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ।