ਫਗਵਾੜਾ (ਰੀਤ ਪ੍ਰੀਤ ਪਾਲ ਸਿੰਘ ) ਫਗਵਾੜਾ ਵਿਧਾਨਸਭਾ ਹਲਕੇ ਤੋਂ ਮੋਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਦੁਬਾਰਾ ਪਾਰਟੀ ਹਾਈਕਮਾਂਡ ਵਲੋਂ ਉਮੀਦਵਾਰ ਐਲਾਨੇ ਜਾਣ ਨਾਲ ਨਾਰਾਜ ਕਾਂਗਰਸ ਪਾਰਟੀ ਦੇ ਇਕ ਧੜੇ ਵਲੋਂ ਫਗਵਾੜਾ ਕਾਂਗਰਸ ਬਚਾਓ ਮੰਚ ਦੇ ਬੈਨਰ ਹੇਠ ਇਕ ਮੀਟਿੰਗ ਹੋਟਲ ਤਾਜ ਵਿਲਾ ਪਲਾਹੀ ਰੋਡ ਨੇੜੇ ਕਮਲਾ ਨਹਿਰੂ ਕਾਲਜ ਵਿਖੇ ਕੀਤੀ ਗਈ ਜਿਸਦੀ ਪ੍ਰਧਾਨਗੀ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕੀਤੀ। ਇਸ ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਹਰਜੀਤ ਸਿੰਘ ਪਰਮਾਰ ਅਤੇ ਡਾ. ਸੁਖਵੀਰ ਸਿੰਘ ਮਾਨਾਂਵਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਬਲਵਿੰਦਰ ਸਿੰਘ ਧਾਲੀਵਾਲ ਦੀ ਉਮੀਦਵਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਲੈਂਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘੋਟਾਲੇ ਸਮੇਂ ਜੋ ਵਿਅਕਤੀ ਵਿਭਾਗ ਦਾ ਡਾਇਰੈਕਟਰ ਰਿਹਾ ਹੈ ਅਤੇ ਉਸਦੀ ਭੂਮਿਕਾ ਸ਼ੱਕ ਦੇ ਘੇਰੇ ਵਿਚ ਹੈ ਉਸਨੂੰ ਟਿਕਟ ਦੇਣਾ ਐਸ.ਸੀ. ਭਾਈਚਾਰੇ ਨਾਲ ਧੋਖਾ ਹੈ ਜਿਸਦਾ ਖਾਮਿਆਜਾ ਵਿਧਾਨਸਭਾ ਚੋਣਾਂ ‘ਚ ਫਗਵਾੜਾ ਸੀਟ ਗੁਆ ਕੇ ਭੁਗਤਨਾ ਪੈ ਸਕਦਾ ਹੈ। ਬੁਲਾਰਿਆਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਿਰੋਧੀ ਨਹੀਂ ਬਲਕਿ ਕਾਂਗਰਸ ਦੇ ਹਿਤੈਸ਼ੀ ਹਨ ਜਿਸ ਲਈ ਮਜਬੂਰ ਹੋ ਕੇ ਅੱਜ ਦਾ ਇਕੱਠ ਕਰਨਾ ਪਿਆ ਤਾਂ ਕਿ ਪਾਰਟੀ ਹਾਈਕਮਾਂਡ ਤੱਕ ਆਪਣੀ ਗੱਲ ਨੂੰ ਪੁਖਤਾ ਢੰਗ ਨਾਲ ਪਹੁੰਚਾਇਆ ਜਾ ਸਕੇ। ਹਰਜੀਤ ਸਿੰਘ ਪਰਮਾਰ, ਡਾ. ਮਾਨਾਂਵਾਲੀ ਅਤੇ ਦਲਜੀਤ ਰਾਜੂ ਨੇ ਕਿਹਾ ਕਿ 2019 ਦੀ ਜਿਮਨੀ ਚੋਣ ਵਿਚ ਜਿਹਨਾਂ ਕਾਂਗਰਸੀ ਵਰਕਰਾਂ ਨੇ 17 ਸਾਲ ਬਾਅਦ ਹਲਕੇ ਵਿਚ ਪਾਰਟੀ ਨੂੰ ਰਿਕਾਰਡ ਵੋਟਾਂ ਨਾਲ ਜਿਤਾਇਆ ਅਤੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਵਿਧਾਇਕ ਬਣਾਇਆ, ਉਹਨਾਂ ਵਰਕਰਾਂ ਨੂੰ ਧਾਲੀਵਾਲ ਨੇ ਵਿਧਾਇਕ ਬਣਨ ਤੋਂ ਬਾਅਦ ਅਣਗੋਲਿਆ ਕਰਕੇ ਅਜਿਹੇ ਕਥਿਤ ਕਾਂਗਰਸੀਆਂ ਨੂੰ ਤਰਜੀਹ ਦਿੱਤੀ ਜੋ ਭਾਜਪਾ ਨਾਲ ਨੇੜਤਾ ਰੱਖਣ ਲਈ ਜਾਣੇ ਜਾਂਦੇ ਹਨ। ਜਨਵਰੀ ਦੇ ਸ਼ੁਰੂ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਫਗਵਾੜਾ ਵਿਖੇ ਧਾਲੀਵਾਲ ਦੇ ਹੱਕ ਵਿਚ ਕੀਤੀ ਰੈਲੀ ਦੀ ਗੱਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮਗਨਰੇਗਾ ਕਾਮਿਆਂ ਨੂੰ ਗੁਮਰਾਹ ਕਰਕੇ ਅਤੇ ਦੂਸਰੇ ਹਲਕਿਆਂ ਤੋਂ ਵਰਕਰ ਬੁਲਾ ਕੇ ਰੈਲੀ ਵਿਚ ਇਕੱਠ ਦਿਖਾਉਣ ਨਾਲ ਸੀਟ ਨੂੰ ਜਿੱਤਿਆ ਨਹੀਂ ਜਾ ਸਕਦਾ। ਇਸ ਲਈ ਉਹ ਪਾਰਟੀ ਹਾਈਕਮਾਂਡ ਤੋਂ ਮੰਗ ਕਰਦੇ ਹਨ ਕਿ ਜੇਕਰ ਫਗਵਾੜਾ ਵਿਧਾਨਸਭਾ ਸੀਟ ਉੱਪਰ 2019 ਦੀ ਤਰ੍ਹਾਂ ਹੀ ਰਿਕਾਰਡ ਜਿੱਤ ਪ੍ਰਾਪਤ ਕਰਨੀ ਹੈ ਤਾਂ ਤੁਰੰਤ ਉਮੀਦਵਾਰ ਬਦਲਿਆ ਜਾਵੇ ਕਿਉਂਕਿ ਧਾਲੀਵਾਲ ਦੀ ਬੇੜੀ ਵਿਚ ਸਵਾਰ ਹੋ ਕੇ ਕਾਂਗਰਸ ਦਾ ਡੁੱਬਣਾ ਲਾਜਮੀ ਹੈ। ਇਕੱਠ ਦੌਰਾਨ 11 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸਦੀ ਸਹਿਮਤੀ ਨਾਲ ਹੀ ਉਮੀਦਵਾਰ ਨੂੰ ਸਵੀਕਾਰ ਕਰਨ ਦੀ ਗੱਲ ਕਹੀ ਗਈ ਹੈ। ਇਸ ਮੌਕੇ ਅਵਤਾਰ ਸਿੰਘ ਸਰਪੰਚ ਪੰਡਵਾ, ਸੁਖਵਿੰਦਰ ਸਿੰਘ ਰਾਣੀਪੁਰ, ਸੁਖਵਿੰਦਰ ਬਿੱਲੂ ਖੇੜਾ, ਸਾਬਕਾ ਕੌਂਸਲਰ ਗੁਰਦੀਪ ਦੀਪਾ, ਓਮ ਪ੍ਰਕਾਸ਼ ਬਿੱਟੂ, ਸੁਰਜੀਤ ਖੇੜਾ, ਵਿਜੇ ਬਸੰਤ ਨਗਰ, ਕੇ.ਕੇ. ਸ਼ਰਮਾ, ਵਰੁਣ ਬੰਗੜ ਚੱਕ ਹਕੀਮ, ਸੁਭਾਸ਼ ਕਵਾਤਰਾ, ਕੁਲਵੰਤ ਸਿੰਘ ਪੱਬੀ, ਹੁਸਨ ਸਿੰਘ ਘੁੰਮਣ, ਕੁਲਦੀਪ ਸਿੰਘ ਹਾਜੀਪੁਰ, ਬਲਾਕ ਸੰਮਤੀ ਮੈਂਬਰ ਸੁੱਚਾ ਰਾਮ ਮੌਲੀ, ਤੀਰਥ ਹਰਦਾਸਪੁਰ, ਸੀਮਾ ਰਾਣੀ ਚਹੇੜੂ, ਸ਼ੋਂਕੀ ਰਾਮ, ਗੋਪੀ ਬੇਦੀ, ਅਰੁਣ, ਰਾਕੇਸ਼ ਘਈ, ਬਿੰਦਰ ਸਰਪੰਚ ਮੀਰਾਂਪੁਰ, ਕੈਪਟਨ ਹਰਮਿੰਦਰ ਸਿੰਘ ਪਾਂਛਟ, ਜੈ ਰਾਮ ਕਾਲਾ, ਲੈਂਬਰ ਰਾਮ, ਅਰਵਿੰਦਰ ਵਿੱਕੀ, ਰਾਜੂ ਵਰਮਾ, ਗੁਰਪ੍ਰੀਤ ਕੌਰ ਜੰਡੂ, ਜੋਗਿੰਦਰ ਕੌਰ ਮਾਇਓਪੱਟੀ, ਰਵੀ ਕੁਮਾਰ ਮੰਤਰੀ, ਹੁਕਮ ਸਿੰਘ ਮੇਹਟ, ਲਾਲੀ ਜਗਤਪੁਰ ਜੱਟਾਂ, ਜੋਗਾ ਸਿੰਘ ਹਰਬੰਸਪੁਰ, ਲਾਲੀ ਨਿਹਾਲਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਸਮਰਥਕ ਹਾਜਰ ਸਨ।