ਗਿੱਦੜਬਾਹਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣਾ ਮਾਮਲੇ ਦਾ ਸਿਰਫ ਰੱਤੀ ਭਰ ਹੈ ਤੇ ਚੰਨੀ ਨੇ ਹੀ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ ਹੈ।
ਇਥੇ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਹੱਕ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਚਲਾਕ ਲੋਮੜੀ ਵਾਂਗ ਰੋ ਰਹੇ ਹਨ ਅਤੇ ਆਪਣੇ ਆਪ ਨੂੰ ਸਿਆਸੀ ਬਦਲਾਖੋਰੀ ਦਾ ਪੀੜਤ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਕਿ ਉਹਨਾਂ ਦਾ ਭਤੀਜਾ ਵੱਡੀ ਮਾਤਰਾ ਵਿਚ ਨਗਦ ਪੈਸੇ ਤੇ ਸੋਨੇ ਨਾਲ ਫੜਿਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਭ੍ਰਿਸ਼ਟਾਚਾਰ ਲਈ ਚੰਨੀ ਨੂੰ ਜਵਾਬਦੇਹ ਠਹਿਰਾਉਣਗੇ ਅਤੇ ਅਗਲੀ ਅਕਾਲੀ ਦਲ ਬਸਪਾ ਗਠਜੋੜ ਸਰਕਾਰ ਇਸ ਮਾਮਲੇ ਵਿਚ ਕਾਰਵਾਈ ਕਰੇਗੀ।
ਇਕ ਸਵਾਲ ਦੇ ਜਵਾਬ ਵਿਚ ਸਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਤਿੰਨ ਵਾਰ ਰੱਦ ਕੀਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਆਪ ਦੀ ਪੰਥ ਵਿਰੋਧੀ ਸੋਚ ਦਾ ਸਬੂਤ ਮਿਲਦਾ ਹੈ, ਇਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਪੰਜਾਬੀ ਕਦੇ ਵੀ ਆਪਣੇ ਹਿੱਤਾ ਦੀ ਰਾਖੀ ਵਾਸਤੇ ਬਾਹਰਲੇ ਲੋਕਾਂ ਦੀ ਪਾਰਟੀ ’ਤੇ ਵਿਸ਼ਵਾਸ ਨਹੀਂ ਕਰ ਸਕਦੀ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਤਲੁਜ ਯਮੁਨਾ Çਲੰਕ ਲਹਿਰ ਦੇ ਮਾਮਲੇ ਵਿਚ ਪੰਜਾਬ ਦੇ ਹਿੱਤਾਂ ਨਾਲ ਧਰੋਹ ਕਮਾਇਆ। ਉਹਨਾਂ ਕਿਹਾ ਕਿ ਇਸੇ ਤਰੀਕੇ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਪੰਜਾਬ ਦੇ ਬਿਜਲੀ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ।
ਸ. ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਪੂਰਨ ਬਹਮੁਤ ਵੱਲ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਸਾਰੇ ਵਾਜਬ ਰਾਇ ਬਣਾਉਣ ਵਾਲੇ ਇਹ ਮੰਨ ਗਏ ਹਨ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਪੰਜਾਬ ਵਿਚ ਸਰਕਾਰ ਬਣਾਏਗਾ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਅਗਲੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਗੇ।
ਸ. ਬਾਦਲ ਨੇ ਗਿੱਦੜਬਾਹੇ ਹਲਕੇ ਦੇ ਦੌਰੇ ਵੇਲੇ ਸੀਨੀਅਰ ਕਾਂਗਰਸੀ ਆਗੂ, ਸਾਬਕਾ ਐਮ ਸੀ ਤੇ ਗਿੱਦੜਬਾਹਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਮਾਨ ਸਮੇਤ ਸੈਂਕੜੇ ਕਾਂਗਰਸੀ ਤੇ ਆਪ ਵਰਕਰਾਂ ਨੁੰ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ। ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਇਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਅਕਾਲੀ ਦਲ ਨੂੰ ਮਾਲਵਾ ਇਲਾਕੇ ਸਮੇਤ ਪੰਜਾਬ ਵਿਚ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਡੈਮੋਕਰੇਟਿਕ ਭਾਰਤੀਆ ਲੋਕ ਦਲ ਨੇ ਇਸਨੁੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਲੋਕ ਦਲ ਦੇ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਤੇ ਜਨਰਲ ਸਕੱਤਰ ਗੁਰਦੇਵ ਮਾਲਰੀ ਨੇ ਕਿਹਾ ਕਿ ਉਹ ਇਹ ਸਮਝਦੇ ਹਨ ਕਿ ਸਿਰਫ ਅਕਾਲੀ ਦਲ ਹੀ ਇਸ ਅਹਿਮ ਮੌਕੇ ਸੂਬੇ ਦੀ ਅਗਵਾਈ ਕਰ ਸਕਦਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਨਾ ਸਿਰਫ ਸੂਬੇ ਵਿਚ ਵਿਕਾਸ ਤੇ ਰੋਜ਼ਗਾਰ ਦਾ ਭੋਗ ਪਾਇਆ ਤੇ ਇਸਨੇ ਭ੍ਰਿਸ਼ਟਾਚਾਰ ਨਾਲ ਲੱਦੀ ਸਰਕਾਰ ਚਲਾਈ ਜਿਸ ਦੌਰਾਨ ਅਮਨ ਕਾਨੁੰਨ ਵਿਵਸਥਾ ਵੀ ਢਹਿ ਢੇਰੀ ਹੋ ਗਈ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਸੂਬੇ ਨੁੰ ਮੁੜ ਲੀਹ ’ਤੇ ਪਾ ਸਕਦਾ ਹੈ।