ਫਗਵਾੜਾ-(ਆਰ.ਪੀ.ਸਿਘ)-ਭਾਰਤੀ ਕੱਥਕ ਨ੍ਰਿਤ ਕਲਾ ਦੇ ਸਿਰਮੌਰ ਕਲਾਕਾਰ ਅਤੇ ਵਿਦਵਾਨ ਪੰਡਿਤ ਬਿਰਜੂ ਮਹਾਰਾਜ ਦਾ ਜਨਮ 4 ਫਰਵਰੀ 1938 ਨੂੰ ਉੱਤਰ ਪ੍ਰਦੇਸ਼ ਦੇ ਹੰਡੀਆ ਨਾਮਕ ਸਥਾਨ ਵਿਚ ਹੋਇਆ ਅਤੇ ਆਪ ਜੀ ਪਿਤਾ ਅੱਛਨ ਮਹਾਰਾਜ, ਚਾਚਾ ਸ਼ੰਭੂ ਮਹਾਰਾਜ ਤੇ ਲੱਛੂ ਮਹਾਰਾਜ, ਦਾਦਾ ਕਾਲਕਾ ਪ੍ਰਸਾਦ ਅਤੇ ਬਿੰਦਾਦੀਨ ਮਹਾਰਾਜ ਦੀ ਨ੍ਰਿਤ ਵਿਿਦਆ ਦੇ ਰਖਵਾਲੇ ਤੇ ਕੁਸ਼ਲ ਵਾਹਕ ਸਨ। ਆਪ ਜੀ ਕੱਥਕ ਕੇਂਦਰ ਦਿੱਲੀ ਤੋਂ ਬਤੌਰ ਨਿਰਦੇਸ਼ਕ 1998 ਵਿਚ ਸੇਵਾ ਮੁਕਤ ਹੋਏ, ਉਪਰੰਤ ਨ੍ਰਿਤ ਗੁਰੂਕੁਲ ‘ਕਲਾਸ਼੍ਰਮ’ ਬਣਾਇਆ, ਜਿੱਥੇ ਆਪ ਜੀ ਦੇ ਅਨੇਕ ਸ਼ਗਿਰਦ ਬਣੇ, ਜਿਨ੍ਹਾਂ ਵਿਚ ਪ੍ਰਤਾਪ ਪਵਾਰ, ਮੁੰਨਾ ਸ਼ੁਕਲਾ, ਰਾਣੀ ਕਰਨਾ, ਪੂਰਨਿਮਾ ਪਾਂਡੇ, ਸ਼ਾਸਵਤੀ ਸੇਨ, ਦੁਰਗਾ ਆਰਿਆ, ਰਾਮ ਮੋਹਨ ਆਦਿ ਪ੍ਰਮੁੱਖ ਹਨ। ਇਸ ਤੋਂ ਬਿਨਾਂ ਪੱੁਤਰ ਦੀਪਕ ਮਹਾਰਾਜ, ਜੈ ਕ੍ਰਿਸ਼ਨ ਮਹਾਰਾਜ ਤੇ ਪੁੱਤਰੀ ਮਾਮਤਾ ਮਹਾਰਾਜ ਵੀ ਸ਼ਾਮਿਲ ਹਨ।
ਆਪ ਜੀ ਨੇ ਨ੍ਰਿਤ ਕਲਾ ਦੀ ਰਵਾਇਤੀ ਪੇਸ਼ਕਾਰੀ ਦੇ ਨਾਲ-ਨਾਲ ਸਮੂਹਿਕ ਨ੍ਰਿਤ ਪੇਸ਼ਕਾਰੀਆਂ ਦਾ ਵਿਧਾਨ ਸਿਰਜਦੇ ਹੋਏ, ਭਾਰਤੀ ਨ੍ਰਿਤ ਕਲਾ ਵਿਚ ਨਵੇਂ ਕੀਰਤੀਮਾਨ ਵੀ ਸਥਾਪਿਤ ਕੀਤੇ। ਆਪ ਜੀ ਨੇ ਕਈ ਫ਼ਿਲਮਾਂ ਵਿਚ ਵੀ ਨ੍ਰਿਤ ਨਿਰਦੇਸ਼ਨ ਕੀਤੇ ਅਤੇ ਕਈ ਵੱਡੇ ਐਵਾਰਡ ਵੀ ਪ੍ਰਾਪਤ ਕੀਤੇ, ਜਿਨ੍ਹਾਂ ਵਿਚ ‘ਨੈਸ਼ਨਲ ਫ਼ਿਲਮ ਐਵਾਰਡ’ ਤੇ ‘ਫ਼ਿਲਮਫੇਅਰ ਐਵਾਰਡ’ ਵਿਸ਼ੇਸ਼ ਹਨ। ਪੰਡਿਤ ਬਿਰਜੂ ਮਹਾਰਾਜ ਜੀ ਨੇ ਕਰੀਬ 70 ਵਰ੍ਹਿਆਂ ਦੀ ਆਪਣੀ ਕਲਾ ਯਾਤਰਾ ਦੌਰਾਨ ‘ਬ੍ਰਜ ਸ਼ਯਾਮ ਕਹੇ’ ਤੇ ‘ਅਨੁਭੂਤਿ’ ਨਾਮਕ ਦੋ ਪੁਸਤਕਾਂ ਵੀ ਨ੍ਰਿਤ ਕਲਾ ਦੀ ਝੋਲੀ ਪਾਈਆਂ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਗੁਰੁੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫ਼ਾਰ ਵੋਮੈਨ, ਫਗਵਾੜਾ ਦੇ ਸੰਗੀਤ ਪ੍ਰੋਫ਼ੈਸਰ ਹਰਗੁਣ ਸਿੰਘ ਨੇ ਕਿਹਾ ਕਿ ਪੰਡਿਤ ਬਿਰਜੂ ਮਹਾਰਾਜ ਦੇ ਅਚਾਨਕ ਤੁਰ ਜਾਣ ਨਾਲ ਜਿੱਥੇ ਭਾਰਤੀ ਨ੍ਰਿਤ ਕਲਾ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਅੱਜ ਕੱਥਕ ਨ੍ਰਿਤ ਨਾਲ ਜੁੜ੍ਹਿਆ ਹੋਇਆ ਹਰ ਵਿਿਦਆਰਥੀ, ਕਲਾਕਾਰ ਤੇ ਕਲਾ-ਪ੍ਰੇਮੀ ਆਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਲਾਵਾਂ ਦੇ ਇਤਿਹਾਸ ਵਿਚ ਜਦੋਂ ਵੀ ਨ੍ਰਿਤ ਕਲਾ ਦੀ ਗੱਲ ਤੁਰੇਗੀ ਤਾਂ ਬਿਰਜੂ ਮਹਾਰਾਜ ਜੀ ਦੇ ਸਾਰਥਿਕ ਤੇ ਮੁਲਵਾਨ ਯੋਗਦਾਨ ਦੀ ਵਾਰਤਾ ਹਮੇਸ਼ਾ ਤੁਰੇਗੀ ਤੇ ਦੂਰ ਤੱਕ ਜਾਵੇਗੀ।