ਫਗਵਾੜਾ ਜਨਵਰੀ ( ਰੀਤ ਪ੍ਰੀਤ ਪਾਲ ਸਿੰਘ ) ਬੀਤੀ 1 8ਜਨਵਰੀ ਨੂੰ ਫਗਵਾੜਾ ਦੇ ਨਜਦੀਕੀ ਪਿੰਡ ਖੰਗੂੜਾ ਵਿਖੇ ਇਕ ਪਲਾਟ ਤੇ ਕਬਜੇ ਦੀ ਸ਼ਿਕਾਇਤ ਮਿਲਣ ‘ਤੇ ਕਾਰਵਾਈ ਲਈ ਪੁੱਜੇ ਥਾਣਾ ਸਦਰ ਦੇ ਏ.ਐਸ.ਆਈ. ਮਹਿੰਦਰ ਸਿੰਘ ਦੀ ਵਰਦੀ ਨੂੰ ਹੱਥ ਪਾਉਣ ਦੇ ਮਾਮਲੇ ਵਿਚ ਥਾਣਾ ਸਦਰ ਫਗਵਾੜਾ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਉਰਫ ਹੈੱਪੀ ਪੁੱਤਰ ਅਮਰਜੀਤ ਸਿੰਘ ਵਾਸੀ ਖੰਗੂੜਾ ਸਮੇਤ ਦੋ ਵਿਅਕਤੀਆਂ ਖਿਲਾਫ ਏ.ਐਸ.ਆਈ. ਦੇ ਬਿਆਨ ਪਰ ਧਾਰਾ 186, 353, 506 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਏ.ਐਸ.ਆਈ. ਮਹਿੰਦਰ ਸਿੰਘ ਨੰਬਰ 586/ਕਪੂ. ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ 18 ਜਨਵਰੀ ਨੂੰ ਸਵੇਰੇ ਪੁਲਿਸ ਹੈਲਪ ਲਾਈਨ ਨੰਬਰ 112 ਪਰ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਖੰਗੂੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਪਲਾਟ ਪਰ ਹਰਪ੍ਰੀਤ ਸਿੰਘ ਹੈੱਪੀ ਵਲੋਂ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਿਆ ਜਾਵੇ। ਜਿਸ ਤੇ ਉਹ ਸਮੇਤ ਏ.ਐਸ.ਆਈ. ਮਨਜੀਤ ਸਿੰਘ ਪਿੰਡ ਖੰਗੂੜਾ ਪੁੱਜਿਆ ਸੀ ਅਤੇ ਇਕ ਪਲਾਟ ਵਿਚ ਕੰਧ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਰਪ੍ਰੀਤ ਸਿੰਘ ਹੈੱਪੀ ਪੁੱਤਰ ਅਮਰਜੀਤ ਸਿੰਘ ਵਾਸੀ ਖੰਗੂੜਾ ਨੂੰ ਪਲਾਟ ਦੇ ਦਸਤਾਵੇਜ ਦਿਖਾਉਣ ਲਈ ਕਿਹਾ ਸੀ। ਪਰ ਹਰਪ੍ਰੀਤ ਸਿੰਘ ਉਰਫ ਹੈੱਪੀ ਨੇ ਦਸਤਾਵੇਜ ਪੇਸ਼ ਕਰਨ ਦੀ ਬਜਾਏ ਪੁਲਿਸ ਕ੍ਰਮਚਾਰੀਆਂ ਦੀ ਮੋਬਾਇਲ ਫੋਨ ਰਾਹੀਂ ਵੀਡੀਓ ਬਨਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਸਨੇ ਵੀਡੀਓ ਨਾ ਬਨਾਉਣ ਲਈ ਕਿਹਾ ਤਾਂ ਹਰਪ੍ਰੀਤ ਸਿੰਘ ਗਾਲੀ ਗਲੌਚ ਕਰਨ ਲੱਗ ਪਿਆ ਅਤੇ ਉਸਦੀ ਪਹਿਨੀ ਹੋਈ ਕਮੀਜ ਦੇ ਕਾਲਰ ਤੋਂ ਫੜ ਲਿਆ ਜਿਸ ਕਰਕੇ ਉਸਦੀ ਵਰਦੀ ਦਾ ਬਟਨ ਟੁੱਟ ਗਿਆ।