ਕਿਹਾ- ਐਸ.ਪੀ. ਨੇ ਦਿੱਤਾ ਝੂਠੀ ਐਫ.ਆਈ.ਆਰ. ਰੱਦ ਕਰਨ ਦਾ ਭਰੋਸਾ
ਫਗਵਾੜਾ ਦਸੰਬਰ ( ਰੀਤ ਪ੍ਰੀਤ ਪਾਲ ਸਿੰਘ ) ਕਾਂਗਰਸ ਪਾਰਟੀ ਦੀ ਇਕ ਧਿਰ ਦੇ ਆਗੂਆਂ ਦੀ ਅਗਵਾਈ ਹੇਠ ਸ਼ਨੀਵਾਰ ਦੇਰ ਰਾਤ ਤੱਕ ਥਾਣਾ ਸਿਟੀ ਫਗਵਾੜਾ ਦੇ ਬਾਹਰ ਚੱਲੇ ਧਰਨੇ ਤੋਂ ਬਾਅਦ ਅੱਜ ਇਕ ਔਰਤ ਦੇ ਬਿਆਨਾ ਦੇ ਅਧਾਰ ਤੇ ਪੁਲਿਸ ਵਲੋਂ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਸਿੰਘ ਰਾਜੂ ਸਮੇਤ ਦੋ ਵਿਅਕਤੀ ਖਿਲਾਫ ਧਾਰਾ 509, 506, 500, 120-ਬੀ ਆਈ.ਪੀ.ਸੀ. ਅਤੇ 67 ਆਈ ਟੀ ਐਕਟ ਅਧੀਨ ਦਰਜ ਕੀਤੀ ਗਈ ਐਫ.ਆਈ.ਆਰ. ਨੂੰ ਰੱਦ ਕਰਵਾਉਣ ਲਈ ਐਸ.ਪੀ. ਫਗਵਾੜਾ ਹਰਜਿੰਦਰ ਸਿੰਘ ਪਰਮਾਰ ਨੂੰ ਮਿਲ ਕੇ ਦਲਜੀਤ ਰਾਜੂ ਵਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਦਰਖਾਸਤ ਦਿੱਤੀ ਗਈ। ਜਿਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਜੀਤ ਰਾਜੂ ਨੇ ਕਿਹਾ ਕਿ ਉਹਨਾਂ ਖਿਲਾਫ ਐਫ.ਆਈ.ਆਰ. ਗਿਣੀ ਮਿੱਥੀ ਸਾਜਿਸ਼ ਤਹਿਤ ਕਰਵਾਈ ਗਈ ਹੈ ਕਿਉਂਕਿ ਉਹ ਫਗਵਾੜਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਬਦਲਣ ਦੀ ਮੰਗ ਪਾਰਟੀ ਹਾਈਕਮਾਂਡ ਤੋਂ ਕਰ ਰਹੇ ਹਨ। ਪਰ ਨਾਲ ਹੀ ਉਹਨਾਂ ਕਿਹਾ ਕਿ ਉਹ ਨਾ ਕਿਸੇ ਸਿਆਸੀ ਸਾਜਿਸ਼ ਤੋਂ ਅੱਜ ਤੱਕ ਡਰੇ ਹਨ ਤੇ ਨਾ ਹੀ ਡਰਨਗੇ। ਉਹਨਾਂ ਦੱਸਿਆ ਕਿ ਐਸ.ਪੀ. ਫਗਵਾੜਾ ਨੇ ਮਾਮਲੇ ਦੀ ਪੜਤਾਲ ਕਰਕੇ ਐਫ.ਆਈ.ਆਰ. ਰੱਦ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ, ਸਤਬੀਰ ਸਿੰਘ ਸਾਬੀ ਵਾਲੀਆ, ਅਵਤਾਰ ਸਿੰਘ ਸਰਪੰਚ ਪੰਡਵਾ, ਸਾਬਕਾ ਕੌਂਸਲਰ ਓਮ ਪ੍ਰਕਾਸ਼ ਬਿੱਟੂ, ਗੁਰਦੀਪ ਦੀਪਾ, ਵਰੁਣ ਬੰਗੜ, ਜਸਵੰਤ ਸਿੰਘ ਨੀਟਾ ਜਗਪਾਲਪੁਰ, ਅੰਮ੍ਰਿਤਪਾਲ ਰਵੀ, ਰਵੀ ਕੁਮਾਰ ਮੰਤਰੀ, ਰਜਤ ਭੁੱਲਾਰਾਈ ਤੇ ਮਨਜੋਤ ਸਿੰਘ ਆਦਿ ਵੀ ਹਾਜਰ ਸਨ।
ਤਸਵੀਰ ਸਮੇਤ।