ਦੀਨਾਨਗਰ, 26 ਜਨਵਰੀ ( ਸਤਨਾਮ ਸਿੰਘ ਲਾਡੀ )
ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਬਸਪਾ-ਅਕਾਲੀ ਦਲ ਉਮੀਦਵਾਰ ਕਮਲਜੀਤ ਚਾਵਲਾ ਦੇ ਪਿੰਡ ਮੇਘੀਆਂ ਵਿੱਚ ਭਰਵੀਂ ਮੀਟਿੰਗ ਕਰਕੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦਲਬਦਲੂ ਨੂੰ ਵੋਟਾਂ ਨਾ ਪਾਉਂਦੇ ਹੋਏ ਕਾਂਗਰਸ ਪਾਰਟੀ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਹਲਕੇ ਦੀ ਲਗਾਤਾਰ ਸੇਵਾ ਕਰਦੇ ਆ ਰਹੇ ਹਨ ਅਤੇ ਜੇਕਰ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਤਾਂ ਸੇਵਾ ਦਾ ਇਹ ਜ਼ਿੰਮਾ ਉਹ ਅੱਗੇ ਵੀ ਸੰਭਾਲਣਗੇ। ਮੰਤਰੀ ਦੇ ਪਤੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਬਸਪਾ-ਅਕਾਲੀ ਦਲ ਉਮੀਦਵਾਰ ਕਮਲਜੀਤ ਚਾਵਲਾ ’ਤੇ ਤਿੱਖੇ ਹਮਲੇ ਕਰਦਿਆਂ ਉਸਨੂੰ ਆਪਣੀ ਅਸਲ ਜ਼ਾਤ ਛਿਪਾਉਣ ਵਾਲਾ ਡੁਪਲੀਕੇਟ ਚਾਵਲਾ ਆਖਿਆ। ਉਨ੍ਹਾਂ ਕਿਹਾ ਕਿ ਟਿਕਟ ਪ੍ਰਾਪਤ ਕਰਨ ਦੇ ਲਾਲਚ ਵਿੱਚ ਚਾਰ ਮਹੀਨਿਆਂ ’ਚ ਚਾਰ ਪਾਰਟੀਆਂ ਬਦਲਣ ਵਾਲਾ ਇਹ ਵਿਅਕਤੀ ਕਿਸੇ ਦਾ ਕੀ ਸੰਵਾਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਅਹਿਸਾਨ ਫ਼ਰਾਮੋਸ਼ ਹਨ, ਕਿਉਂਕਿ ਜਿਨ੍ਹਾਂ ਨੇ ਇਸਦੀ ਘਰਵਾਲੀ ਨੂੰ ਮੇਘੀਆਂ ਪਿੰਡ ਵਿੱਚ ਆਂਗਣਵਾਡ਼ੀ ਵਰਕਰ ਦੀ ਨੌਕਰੀ ਲੱਗਵਾਇਆ, ਅੱਜ ਇਹ ਉਨ੍ਹਾਂ ਦੇ ਖ਼ਿਲਾਫ਼ ਹੀ ਚੋਣ ਲਡ਼ ਕੇ ਸਟੇਜਾਂ ਤੋਂ ਮੰਦਾ ਬੋਲ ਰਿਹਾ ਹੈ। ਅਸ਼ੋਕ ਚੌਧਰੀ ਨੇ ਕਿਹਾ ਕਿ ਜਿਹਡ਼ਾ ਵਿਅਕਤੀ ਆਪਣੀ ਅਸਲ ਪਛਾਣ ਦੱਸਣ ਵਿੱਚ ਸ਼ਰਮ ਮਹਿਸੂਸ ਕਰਕੇ ਚੋਣ ਜਿੱਤਣ ਤੋਂ ਪਹਿਲਾਂ ਹੀ ਝੂਠ ਦਾ ਸਹਾਰਾ ਲੈ ਰਿਹਾ ਹੈ, ਉਹ ਬਾਅਦ ਵਿੱਚ ਕਿਸੇ ਦਾ ਕੀ ਭਲਾ ਕਰੇਗਾ। ਅਸ਼ੋਕ ਚੌਧਰੀ ਨੇ ਚੁੱਟਕੀ ਲੈਂਦਿਆਂ ਕਿਹਾ ਕਿ ਅਸਲੀਅਤ ਵਿੱਚ ਇਹ ਵਿਅਕਤੀ ਪਿੰਡ ਦਾ ਸਰਪੰਚ ਬਣਨ ਦੀ ਕਾਬਲੀਅਤ ਵੀ ਨਹੀਂ ਰੱਖਦਾ ਹੈ ਅਤੇ ਸੁਪਨੇ ਐਮਐਲਏ ਬਣਨ ਦੇ ਵੇਖ ਰਿਹਾ ਹੈ। ਜੋ ਕਦੇ ਪੂਰੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਹਲਕੇ ਦੀ ਜਨਤਾ ਬਡ਼ੀ ਸਿਆਣੀ ਹੈ ਅਤੇ ਲੋਕ ਜਾਣਦੇ ਹਨ ਕਿ ਪਿਛਲੇ ਪੰਜ ਸਾਲਾਂ ਅੰਦਰ ਦੀਨਾਨਗਰ ਵਿੱਚ ਹੋਏ ਅਣਗਿਣਤ ਵਿਕਾਸ ਕੰਮ ਆਪਣੇ ਆਪ ਵਿੱਚ ਇੱਕ ਮਿਸਾਲ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਲੋਕ ਅਰੁਨਾ ਚੌਧਰੀ ਵਰਗੇ ਟਿਕਾਊ ਲੀਡਰ ’ਤੇ ਯਕੀਨ ਕਰਨਗੇ ਨਾ ਕਿ ਕਿਸੇ ਦਲਬਦਲੂ ਉੱਤੇ । ਇਸ ਤੋਂ ਇਲਾਵਾ ਅਰੁਨਾ ਚੌਧਰੀ ਵੱਲੋਂ ਪਿੰਡ ਭੱਟੀਆ, ਭੂੰਡੇਵਾਲ, ਮੁੰਨਣ ਖੁਰਦ, ਗੁੰਝੀਆਂ ਬੇਟ, ਭੈਣੀ ਮੀਲਵਾਂ, ਸੈਦੋਵਾਲ ਅਤੇ ਪੁਰਾਣਾਸ਼ਾਲਾ ਵਿਖੇ ਵੀ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਜ਼ੋਨ ਇੰਚਾਰਜ ਸੁਭਾਸ਼ ਮੇਘੀਆਂ, ਹੀਰਾ ਲਾਲ ਪੱਖੋਵਾਲ, ਭੁਪਿੰਦਰ ਸੇਖਵਾਂ ਅਤੇ ਯੂਥ ਆਗੂ ਹਰਜਿੰਦਰ ਜਿੰਦੀ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ।